ਪਰਿਵਾਰਕ ਮੈਂਬਰਾਂ ਨੇ ਅੱਖਾਂ ਕੀਤੀਆਂ ਦਾਨ
ਪਰਿਵਾਰਕ ਮੈਂਬਰਾਂ ਨੇ ਅੱਖਾਂ ਦਾਨ ਕੀਤੀਆਂ
Publish Date: Mon, 02 Feb 2026 08:19 PM (IST)
Updated Date: Mon, 02 Feb 2026 08:22 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਰੋਟਰੀ ਕਲੱਬ ਖਰੜ ਵੱਲੋਂ ਪਿਛਲੇ ਕਈ ਸਾਲਾਂ ਤੋਂ ਆਪਣੇ ਇਲਾਕੇ ਵਿਚੋਂ ‘ਦ੍ਰਿਸ਼ਟੀਹੀਣਤਾ’ ਕੋਰਨੀਅਲ ਅੰਨੇਪਣ ਨੂੰ ਘੱਟ ਕਰਨ ਵਾਸਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਬੀਤੀ ਰਾਤ ਹਵੇਲੀ ਟਾਵਰ ਵਾਸੀ ਸਵਰਗੀ ਸੰਯੋਗਿਤਾ ਜੈਨ (85) ਪਤਨੀ ਸਵਰਗੀ ਮਦਨ ਲਾਲ ਜੈਨ ਸੇਵਾਮੁਕਤ ਸਰਕਾਰੀ ਅਧਿਕਾਰੀ (ਹਰਿਆਣਾ) ਦੀਆਂ ਮਰਨ ਉਪਰੰਤ ਰੋਟਰੀ ਕਲੱਬ ਰਾਹੀਂ ਅੱਖਾਂ ਦਾਨ ਕਰਵਾਈਆਂ ਗਈਆਂ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕਲੱਬ ਦੇ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਰੇਖੀ ਨੇ ਦੱਸਿਆ ਕਿ ਬੀਤੀ ਰਾਤ 10 ਵਜੇ ਸਮਾਜ ਸੇਵਕਾ ਸਰੋਜ ਬਾਲਾ ਦਾ ਰੋਟਰੀ ਨੂੰ ਫੋਨ ਆਇਆ ਕਿ ਉਸ ਦੇ ਮਾਤਾ ਜੀ ਦੀ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੀਆਂ ਅੱਖਾਂ ਦਾਨ ਕਰਵਾਉਣਾ ਚਾਹੁੰਦੇ ਹਾਂ। ਇਸ ਤੋਂ ਬਾਅਦ ਰੋਟਰੀ ਕਲੱਬ ਖਰੜ ਨੇ ਪੀਜੀਆਈ ਦੇ ਅੱਖਾਂ ਦੇ ਵਿਭਾਗ ਨਾਲ ਰਾਬਤਾ ਕਾਇਮ ਕਰ ਕੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਟੀਮ ਨੂੰ ਬੁਲਾਇਆ ਗਿਆ। ਫਿਰ ਪਰਿਵਾਰ ਦੀ ਸਹਿਮਤੀ ਲਈ ਗਈ, ਉਪਰੰਤ ਸਿਵਲ ਹਸਪਤਾਲ ਮੁਹਾਲੀ ਵਿਖੇ ਦੇਰ ਰਾਤ ਉਨ੍ਹਾਂ ਦੀ ਅੱਖਾਂ ਲੈਣ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ। ਕਲੱਬ ਦੇ ਪ੍ਰਧਾਨ ਹਿੰਮਤ ਸਿੰਘ ਸੈਣੀ ਤੇ ਸਕੱਤਰ ਸੁਖਵਿੰਦਰ ਸਿੰਘ ਲੌਂਗੀਆ ਨੇ ਪਰਿਵਾਰ ਦੇ ਜਜ਼ਬੇ ਨੂੰ ਨਮਨ ਕੀਤਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮਰਨ ਉਪਰੰਤ ਪਰਿਵਾਰਾਂ ਨੂੰ ਜਾਗਰੂਕ ਕਰ ਕੇ ਹੁਣ ਤਕ 88 ਲੋਕਾਂ ਦੀਆਂ ਅੱਖਾਂ ਦਾਨ ਕਰਵਾਈਆਂ ਜਾ ਚੁੱਕੀਆਂ ਹਨ।