ਐਕਸਾਈਜ਼ ਵਿਭਾਗ ਦੀ ਕਾਰਵਾਈ, ਬਿਨਾਂ ਪਰਮਿਟ ਸ਼ਰਾਬ ਪਿਲਾਉਣ ’ਤੇ ਕੇਸ ਦਰਜ
ਐਕਸਾਈਜ਼ ਵਿਭਾਗ ਦੀ ਕਾਰਵਾਈ, ਬਿਨਾਂ ਪਰਮਿਟ ਸ਼ਰਾਬ ਪਿਲਾਉਣ ’ਤੇ ਕੇਸ ਦਰਜ
Publish Date: Tue, 14 Apr 2026 06:26 PM (IST)
Updated Date: Wed, 15 Apr 2026 04:10 AM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਸੈਕਟਰ 125 ਸਥਿਤ ਨਿਊ ਸਨੀ ਇਨਕਲੇਵ ਵਿਚ ਐਕਸਾਈਜ਼ ਵਿਭਾਗ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਪਿਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਐਕਸਾਈਜ਼ ਇੰਸਪੈਕਟਰ ਖਰੜ ਅਸ਼ੋਕ ਕੁਮਾਰ ਨੇ ਏਈਟੀਸੀ ਅਸ਼ੋਕ ਚਲੋਤਰਾ ਅਤੇ ਈਟੀਓ ਦੀਵਾਨ ਚੰਦ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਲਾਕੇ ਦੇ ਵੱਖ-ਵੱਖ ਢਾਬਿਆਂ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। ਚੈਕਿੰਗ ਦੌਰਾਨ ‘ਚਿਕਨ ਲਵਰ’ ਨਾਮਕ ਢਾਬੇ ’ਤੇ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਸਾਹਮਣੇ ਆਈ। ਜਾਂਚ ਵਿਚ ਪਾਇਆ ਗਿਆ ਕਿ ਢਾਬਾ ਮਾਲਕ ਬਿਨਾਂ ਕਿਸੇ ਵੈਧ ਪਰਮਿਟ ਦੇ ਦੁਕਾਨ ਦੇ ਬਾਹਰ ਖੁੱਲ੍ਹੇ ਵਿਚ ਕੁਰਸੀਆਂ ਲਾ ਕੇ ਗਾਹਕਾਂ ਨੂੰ ਸ਼ਰਾਬ ਪਿਲਾ ਰਿਹਾ ਸੀ, ਜੋ ਕਿ ਐਕਸਾਈਜ਼ ਕਾਨੂੰਨਾਂ ਦੀ ਸਿੱਧੀ ਉਲੰਘਣਾ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਕਸਾਈਜ਼ ਇੰਸਪੈਕਟਰ ਨੇ ਤੁਰੰਤ ਥਾਣਾ ਸਦਰ ਪੁਲਿਸ ਨੂੰ ਸੂਚਿਤ ਕੀਤਾ ਅਤੇ ਢਾਬਾ ਮਾਲਕ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਵਾਇਆ। ਇੰਸਪੈਕਟਰ ਅਸ਼ੋਕ ਕੁਮਾਰ ਨੇ ਸਪਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਭਵਿੱਖ ਵਿਚ ਕੋਈ ਵੀ ਢਾਬਾ ਜਾਂ ਫਾਸਟ ਫੂਡ ਚਲਾਉਣ ਵਾਲਾ ਬਿਨਾਂ ਪਰਮਿਟ ਦੇ ਸ਼ਰਾਬ ਪਿਲਾਉਂਦਾ ਮਿਲਿਆ, ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।