ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੀ ਦਾਖ਼ਲਾ ਪ੍ਰੀਖਿਆ, 48 ਸੀਟਾਂ ਲਈ 3 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੇ ਅਜ਼ਮਾਈ ਕਿਸਮਤ
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੀ ਦਾਖ਼ਲਾ ਪ੍ਰੀਖਿਆ,
Publish Date: Mon, 05 Jan 2026 07:18 PM (IST)
Updated Date: Mon, 05 Jan 2026 07:20 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਦੇ ਨੌਜਵਾਨਾਂ ਨੂੰ ਰੱਖਿਆ ਸੇਵਾਵਾਂ ਵਿਚ ਉੱਚ ਅਹੁਦਿਆਂ ’ਤੇ ਪਹੁੰਚਾਉਣ ਦੇ ਮਕਸਦ ਨਾਲ ਸਥਾਪਿਤ ‘ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ’ ਮੁਹਾਲੀ ਦੇ 16ਵੇਂ ਕੋਰਸ ਲਈ ਦਾਖ਼ਲਾ ਪ੍ਰੀਖਿਆ ਸੋਮਵਾਰ ਨੂੰ ਸਫ਼ਲਤਾਪੂਰਵਕ ਕਰਵਾਈ ਗਈ। ਇਸ ਵਾਰ ਸਿਰਫ਼ 48 ਸੀਟਾਂ ਲਈ ਪੰਜਾਬ ਭਰ ਵਿਚੋਂ 3,256 ਲੜਕਿਆਂ ਨੇ ਪ੍ਰੀਖਿਆ ਦਿੱਤੀ, ਜੋ ਨੌਜਵਾਨਾਂ ਵਿਚ ਫ਼ੌਜ ਪ੍ਰਤੀ ਵਧ ਰਹੇ ਉਤਸ਼ਾਹ ਨੂੰ ਦਰਸਾਉਂਦਾ ਹੈ।
ਐੱਨਡੀਏ ’ਚ ਦਾਖ਼ਲੇ ਲਈ ਮਿਲੇਗੀ ਵਿਸ਼ੇਸ਼ ਸਿਖਲਾਈ : ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਇਸ ਸੰਸਥਾ ਵਿਚ ਚੁਣੇ ਗਏ ਉਮੀਦਵਾਰਾਂ ਨੂੰ ਦੋ ਸਾਲਾ ਦਾ ਸਖ਼ਤ ਸਿਖਲਾਈ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਦਾ ਮੁੱਖ ਉਦੇਸ਼ ਉਨ੍ਹਾਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਹੋਰ ਹਥਿਆਰਬੰਦ ਸੈਨਾਵਾਂ ਦੀਆਂ ਅਕੈਡਮੀਆਂ ਲਈ ਤਿਆਰ ਕਰਨਾ ਹੈ, ਤਾਂ ਜੋ ਉਹ ਦੇਸ਼ ਦੇ ਰੱਖਿਆ ਬਲਾਂ ਵਿਚ ਕਮਿਸ਼ਨਡ ਅਫ਼ਸਰ ਬਣ ਸਕਣ।
ਮਾਨ ਸਰਕਾਰ ਦੀਆਂ ਪ੍ਰਾਪਤੀਆਂ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਇਸ ਸੰਸਥਾ ਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਹੁਣ ਤਕ ਇਸ ਸੰਸਥਾ ਦੇ 100 ਕੈਡਿਟ ਐੱਨਡੀਏ ਅਤੇ ਹੋਰ ਅਕੈਡਮੀਆਂ ਵਿਚ ਸ਼ਾਮਲ ਹੋਏ ਹਨ, ਜਦਕਿ 84 ਕੈਡਿਟ ਭਾਰਤੀ ਫ਼ੌਜ ਵਿਚ ਕਮਿਸ਼ਨਡ ਅਫ਼ਸਰ ਵਜੋਂ ਦੇਸ਼ ਦੀ ਸੇਵਾ ਕਰ ਰਹੇ ਹਨ।
ਪ੍ਰੀਖਿਆ ਕੇਂਦਰ ਅਤੇ ਅਗਲੀ ਪ੍ਰਕਿਰਿਆ : ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ, ਵੀਐੱਸਐੱਮ (ਸੇਵਾਮੁਕਤ) ਨੇ ਜਾਣਕਾਰੀ ਦਿੱਤੀ ਕਿ ਇਹ ਪ੍ਰੀਖਿਆ ਮੁਹਾਲੀ (ਫੇਜ਼-11 ਅਤੇ ਫੇਜ਼-3ਬੀ1 ਦੇ ਸਕੂਲ ਆਫ਼ ਐਮੀਨੈਂਸ), ਜਲੰਧਰ ਅਤੇ ਬਠਿੰਡਾ ਵਿਖੇ ਬਣਾਏ ਗਏ ਚਾਰ ਕੇਂਦਰਾਂ ਵਿਚ ਲਈ ਗਈ।
ਅਗਲਾ ਪੜਾਅ : ਪ੍ਰੀਖਿਆ ਵਿਚੋਂ ਚੋਟੀ ਦੇ 150 ਉਮੀਦਵਾਰਾਂ ਨੂੰ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਤੋਂ ਬਾਅਦ ਇੰਟਰਵਿਊ ਅਤੇ ਮੈਡੀਕਲ ਟੈਸਟ ਲਈ ਸੱਦਿਆ ਜਾਵੇਗਾ।
ਅੰਤਿਮ ਚੋਣ : ਅਖੀਰ ਵਿਚ 48 ਸਭ ਤੋਂ ਯੋਗ ਉਮੀਦਵਾਰਾਂ ਨੂੰ ਸੰਸਥਾ ਵਿਚ ਦਾਖ਼ਲਾ ਦਿੱਤਾ ਜਾਵੇਗਾ, ਜਿੱਥੇ ਤਜਰਬੇਕਾਰ ਫੈਕਲਟੀ ਉਨ੍ਹਾਂ ਦੇ ਅਕਾਦਮਿਕ ਅਤੇ ਸਰੀਰਕ ਹੁਨਰ ਨੂੰ ਨਿਖਾਰਨਗੇ। ਮੇਜਰ ਜਨਰਲ ਚੌਹਾਨ ਨੇ ਕਿਹਾ ਕਿ ਇਹ ਪੰਜਾਬ ਦੇ ਨੌਜਵਾਨਾਂ ਲਈ ਦੇਸ਼ ਦੀ ਸੇਵਾ ਕਰਨ ਅਤੇ ਫ਼ੌਜ ਵਿਚ ਅਫ਼ਸਰ ਬਣਨ ਦਾ ਇਕ ਸੁਨਹਿਰੀ ਮੌਕਾ ਹੈ।