ਲਟਕ ਰਹੀਆਂ ਬਿਜਲੀ ਦੀਆਂ ਤਾਰਾਂ, ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ
ਮੌਤ ਦੇ ਜਾਲ ਵਾਂਗ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ, ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ
Publish Date: Mon, 16 Mar 2026 09:22 PM (IST)
Updated Date: Mon, 16 Mar 2026 09:25 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਨਗਰ ਕੌਂਸਲ ਡੇਰਾਬੱਸੀ ਦੇ ਵਾਰਡ ਨੰ. 11 ਅਧੀਨ ਪੈਂਦੇ ਮੁਹੱਲਾ ਦਾਦਪੁਰਾ ਵਿਚ ਬਿਜਲੀ ਦੀਆਂ ਨੀਵੀਆਂ ਅਤੇ ਨੰਗੀਆਂ ਤਾਰਾਂ ਇਲਾਕਾ ਵਾਸੀਆਂ ਲਈ ਵੱਡੀ ਮੁਸੀਬਤ ਦਾ ਸਬੱਬ ਬਣੀਆਂ ਹੋਈਆਂ ਹਨ। ਗਲੀ ਵਿਚੋਂ ਲੰਘਦੀਆਂ ਇਹ ਹਾਈ-ਵੋਲਟੇਜ਼ ਤਾਰਾਂ ਇੰਨੀਆਂ ਨੀਵੀਆਂ ਹਨ ਕਿ ਕਿਸੇ ਵੀ ਸਮੇਂ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ, ਪਰ ਪਾਵਰਕਾਮ ਵਿਭਾਗ ਦੇ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਮੁਹੱਲਾ ਵਾਸੀ ਐਡਵੋਕੇਟ ਮੁਨੀਸ਼ ਰਾਣਾ ਨੇ ਦੱਸਿਆ ਕਿ ਇਹ ਤਾਰਾਂ ਕਈ ਥਾਵਾਂ ਤੋਂ ਨੰਗੀਆਂ ਹਨ ਅਤੇ ਕਾਫ਼ੀ ਹੇਠਾਂ ਤੱਕ ਲਟਕ ਰਹੀਆਂ ਹਨ। ਛੋਟੇ ਬੱਚਿਆਂ ਦਾ ਗਲੀਆਂ ਵਿਚ ਖੇਡਣਾ ਦੁਭਰ ਹੋ ਗਿਆ ਹੈ ਅਤੇ ਬਾਰਿਸ਼ ਦੇ ਦਿਨਾਂ ਵਿਚ ਇਨ੍ਹਾਂ ਤਾਰਾਂ ਵਿਚੋਂ ਕਰੰਟ ਆਉਣ ਦਾ ਡਰ ਹੋਰ ਵੀ ਵੱਧ ਜਾਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਤਾਰਾਂ ਦੇ ਆਪਸ ਵਿਚ ਟਕਰਾਉਣ ਕਾਰਨ ਚੰਗਿਆੜੀਆਂ ਨਿਕਲਦੀਆਂ ਹਨ, ਜਿਸ ਨਾਲ ਮੁਹੱਲੇ ਵਿਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ। ਸਥਾਨਕ ਲੋਕਾਂ ਅਤੇ ਐਡਵੋਕੇਟ ਮਨੀਸ਼ ਰਾਣਾ ਨੇ ਦੋਸ਼ ਲਾਇਆ ਕਿ ਇਸ ਸਬੰਧੀ ਕਈ ਵਾਰ ਪਾਵਰਕਾਮ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ, ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ। ਵਿਭਾਗ ਦੀ ਇਸ ਲਾਪ੍ਰਵਾਹੀ ਕਾਰਨ ਲੋਕ ਆਪਣੇ ਘਰਾਂ ਦੇ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਹਨ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਕਈ ਵਾਰ ਬੇਨਤੀਆਂ ਕਰ ਚੁੱਕੇ ਹਨ, ਪਰ ਅਧਿਕਾਰੀ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਲੱਗਦੇ ਹਨ। ਜੇਕਰ ਜਲਦੀ ਹੀ ਇਨ੍ਹਾਂ ਤਾਰਾਂ ਨੂੰ ਠੀਕ ਨਹੀਂ ਕੀਤਾ ਗਿਆ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਸਥਾਨਕ ਲੋਕਾਂ ਨੇ ਪਾਵਰਕਾਮ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲਟਕ ਰਹੀਆਂ ਤਾਰਾਂ ਨੂੰ ਤੁਰੰਤ ਉੱਚਾ ਕੀਤਾ ਜਾਵੇ। ਨੰਗੀਆਂ, ਪੁਰਾਣੀਆਂ ਅਤੇ ਖ਼ਸਤਾ ਹਾਲਤ ਤਾਰਾਂ ਨੂੰ ਬਦਲਿਆ ਜਾਵੇ। ਮੁਹੱਲਾ ਵਾਸੀਆਂ ਨੇ ਉੱਚ ਅਧਿਕਾਰੀਆਂ ਅਤੇ ਸਥਾਨਕ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਮਸਲੇ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਦੀ ਜਾਨ-ਮਾਲ ਦਾ ਨੁਕਸਾਨ ਹੋਣੋਂ ਬਚ ਸਕੇ।