ਮੁਹਾਲੀ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਅੱਜ
ਮੁਹਾਲੀ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਅੱਜ,
Publish Date: Mon, 08 Jun 2026 06:15 PM (IST)
Updated Date: Mon, 08 Jun 2026 06:17 PM (IST)

- ਨਗਰ ਨਿਗਮ ਪ੍ਰਸ਼ਾਸਨ ਨੇ ਐਨ ਮੌਕੇ ਰੰਗ ਰੋਗਨ ਤੇ ਸਫ਼ਾਈ ਕਰਨ ਲਾਏ ਮਜ਼ਦੂਰ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਨਗਰ ਨਿਗਮ ਦੇ ਨਵੇਂ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਸ਼ਹਿਰ ਵਾਸੀਆਂ ਦੀ ਲੰਬੀ ਉਡੀਕ ਹੁਣ ਖ਼ਤਮ ਹੋ ਗਈ ਹੈ। ਮੇਅਰ ਸਮੇਤ ਬਾਕੀ ਅਹੁਦੇਦਾਰਾਂ ਦੀ ਮੰਗਲਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਚੋਣ ਹੋਵੇਗੀ। ਇਸ ਤੋਂ ਪਹਿਲਾਂ ਹਾਊਸ ਵਿਚ ਸਾਰੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਸਬੰਧੀ ਤਿਆਰੀਆਂ ਪੂਰੇ ਜ਼ੋਰਾਂ ’ਤੇ ਚੱਲ ਰਹੀਆਂ ਹਨ। ਹਾਲਾਂਕਿ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਮੁਹਾਲੀ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਅਗਾਊਂ ਪ੍ਰਬੰਧ ਅਤੇ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਲੈਣੀਆਂ ਚਾਹੀਦੀਆਂ ਸਨ, ਪਰ ਅਜਿਹਾ ਨਹੀਂ ਕੀਤਾ ਗਿਆ। ਇੱਥੇ ਇਹ ਕਹਾਵਤ ਹੂ-ਬ-ਹੂ ਢੁਕਵੀਂ ਹੈ ‘ਬੂਹੇ ’ਤੇ ਆਈ ਜੰਝ ਵਿੰਨੋਂ ਕੁੜੀ ਦੇ ਕੰਨ’। ਅੱਜ ਜਦੋਂ ਪੰਜਾਬੀ ਜਾਗਰਣ ਦੀ ਟੀਮ ਨੇ ਨਗਰ ਨਿਗਮ ਦਫ਼ਤਰ ਦਾ ਦੌਰਾ ਕਰ ਕੇ ਅਗਾਊਂ ਪ੍ਰਬੰਧ ਅਤੇ ਤਿਆਰੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਦਫ਼ਤਰ ਦੇ ਗਰਾਊਂਡ ਫਲੋਰ ਤੋਂ ਲੈ ਕੇ ਤੀਜੀ ਮੰਜ਼ਿਲ ਤੱਕ ਸਫ਼ਾਈ ਦਾ ਕੰਮ ਚੱਲ ਰਿਹਾ ਸੀ ਅਤੇ ਲਗਭਗ ਹਰੇਕ ਫਲੋਰ ’ਤੇ ਕਾਰੀਗਰ ਕੰਧਾਂ ਨੂੰ ਸਫੈਦੀ ਕਰਨ ’ਚ ਲੱਗੇ ਹੋਏ ਸੀ। ਨਗਰ ਨਿਗਮ ਦੇ ਹਾਊਸ ਜਿੱਥੇ ਮੀਟਿੰਗਾਂ ਹੁੰਦੀਆਂ ਹਨ ਅਤੇ ਮੇਅਰ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਕਰਵਾਉਣ ਸਬੰਧੀ ਮੁੱਖ ਸਮਾਗਮ ਕਰਵਾਇਆ ਜਾਣਾ ਹੈ। ਉੱਥੇ ਵੀ ਸ਼ੀਸ਼ਿਆਂ ਨੂੰ ਸਾਫ਼ ਕੀਤਾ ਜਾ ਰਿਹਾ ਸੀ। ਇਸ ਤੋਂ ਉਪਰਲੀ ਮੰਜ਼ਿਲ ’ਤੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਦਫ਼ਤਰਾਂ ਦੀ ਸਜਾਵਟ ਕੀਤੀ ਜਾ ਰਹੀ ਸੀ। ਮੇਅਰ ਦੇ ਦਫ਼ਤਰ ਲਈ ਨਵੇਂ ਸੋਫ਼ੇ ਖ਼ਰੀਦੇ ਗਏ ਹਨ। ਮੁੱਖ ਦਫ਼ਤਰ ਦੇ ਬਾਹਰ ਐਂਟਰ ਹੁੰਦੇ ਹੀ ਵੱਡੇ ਗਲਮੇ ਰੱਖੇ ਗਏ ਹਨ। ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਨਵੇਂ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ 9 ਜੂਨ ਨੂੰ ਚੋਣ ਕਰਵਾਈ ਜਾਵੇਗੀ। ਬਾਅਦ ਦੁਪਹਿਰ ਤਿੰਨ ਵਜੇ ਸਾਰੇ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਮਗਰੋਂ ਹਾਊਸ ਵਿਚ ਹੱਥ ਖੜ੍ਹੇ ਕਰਕੇ ਮੇਅਰ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਸਬੰਧੀ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।