ਪੰਜਾਬ ਕਾਂਗਰਸ 'ਚ ਚੋਣ ਸਰਗਰਮੀਆਂ ਤੇਜ਼: 2027 ਦੀ ਜੰਗ ਲਈ ਹਾਈਕਮਾਂਡ ਦਾ ਦਿੱਲੀ 'ਚ ਹਾਈ-ਪ੍ਰੋਫਾਈਲ ਮੰਥਨ, ਦਿੱਗਜ ਆਗੂ ਤਲਬ
ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਵੀ ਤਿਆਰੀਆਂ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਪੰਜਾਬ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਨਾਲ ਦਿੱਲੀ 'ਚ ਲਗਾਤਾਰ ਮੰਥਨ ਦਾ ਦੌਰ ਜਾਰੀ ਹੈ। ਪਾਰਟੀ ਹਾਈਕਮਾਂਡ ਨੇ ਪਿਛਲੇ 12 ਦਿਨਾਂ 'ਚ ਚੌਥੀ ਵਾਰ ਸੂਬਾ ਲੀਡਰਸ਼ਿਪ ਨੂੰ ਦਿੱਲੀ ਬੁਲਾ ਕੇ ਇਹ ਸੰਕੇਤ ਦੇ ਦਿੱਤਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤਕ ਪੱਧਰ 'ਤੇ ਗੰਭੀਰਤਾ ਨਾਲ ਕੰਮ ਸ਼ੁਰੂ ਹੋ ਚੁੱਕਾ ਹੈ। ਬੁੱਧਵਾਰ ਨੂੰ ਪੰਜਾਬ ਦੇ ਸੀਨੀਅਰ ਆਗੂਆਂ ਨੂੰ ਦੁਪਹਿਰ ਤੋਂ ਬਾਅਦ ਫਿਰ ਤੋਂ ਰਾਸ਼ਟਰੀ ਰਾਜਧਾਨੀ ਪਹੁੰਚਣ ਦਾ ਸੁਨੇਹਾ ਦਿੱਤਾ ਗਿਆ, ਜਿਸ ਤੋਂ ਬਾਅਦ ਕਈ ਆਗੂ ਦਿੱਲੀ ਲਈ ਰਵਾਨਾ ਹੋ
Publish Date: Thu, 11 Jun 2026 11:24 AM (IST)
Updated Date: Thu, 11 Jun 2026 11:31 AM (IST)

ਰਾਜ ਬਿਊਰੋ, ਜਾਗਰਣ ਚੰਡੀਗੜ੍ਹ : ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਵੀ ਤਿਆਰੀਆਂ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਪੰਜਾਬ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਨਾਲ ਦਿੱਲੀ 'ਚ ਲਗਾਤਾਰ ਮੰਥਨ ਦਾ ਦੌਰ ਜਾਰੀ ਹੈ। ਪਾਰਟੀ ਹਾਈਕਮਾਂਡ ਨੇ ਪਿਛਲੇ 12 ਦਿਨਾਂ 'ਚ ਚੌਥੀ ਵਾਰ ਸੂਬਾ ਲੀਡਰਸ਼ਿਪ ਨੂੰ ਦਿੱਲੀ ਬੁਲਾ ਕੇ ਇਹ ਸੰਕੇਤ ਦੇ ਦਿੱਤਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤਕ ਪੱਧਰ 'ਤੇ ਗੰਭੀਰਤਾ ਨਾਲ ਕੰਮ ਸ਼ੁਰੂ ਹੋ ਚੁੱਕਾ ਹੈ। ਬੁੱਧਵਾਰ ਨੂੰ ਪੰਜਾਬ ਦੇ ਸੀਨੀਅਰ ਆਗੂਆਂ ਨੂੰ ਦੁਪਹਿਰ ਤੋਂ ਬਾਅਦ ਫਿਰ ਤੋਂ ਰਾਸ਼ਟਰੀ ਰਾਜਧਾਨੀ ਪਹੁੰਚਣ ਦਾ ਸੁਨੇਹਾ ਦਿੱਤਾ ਗਿਆ, ਜਿਸ ਤੋਂ ਬਾਅਦ ਕਈ ਆਗੂ ਦਿੱਲੀ ਲਈ ਰਵਾਨਾ ਹੋ ਗਏ।
ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ
ਵੀਰਵਾਰ ਨੂੰ ਪ੍ਰਸਤਾਵਿਤ ਇਸ ਅਹਿਮ ਬੈਠਕ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸੰਸਦ ਮੈਂਬਰ ਡਾ. ਅਮਰ ਸਿੰਘ, ਵਿਜੇ ਇੰਦਰ ਸਿੰਗਲਾ ਅਤੇ ਅਰੁਣਾ ਚੌਧਰੀ ਸਮੇਤ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਬੈਠਕ ਦਾ ਮੁੱਖ ਏਜੰਡਾ ਪੰਜਾਬ ਦੀਆਂ ਮੌਜੂਦਾ ਸਿਆਸੀ ਪ੍ਰਸਥਿਤੀਆਂ ਦੀ ਸਮੀਖਿਆ ਕਰਨਾ
ਪਾਰਟੀ ਸੂਤਰਾਂ ਅਨੁਸਾਰ, ਬੈਠਕ ਦਾ ਮੁੱਖ ਏਜੰਡਾ ਪੰਜਾਬ ਦੀਆਂ ਮੌਜੂਦਾ ਸਿਆਸੀ ਪ੍ਰਸਥਿਤੀਆਂ ਦੀ ਸਮੀਖਿਆ ਕਰਨਾ, ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਤੈਅ ਕਰਨਾ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਰਹੇਗਾ। ਦੱਸਿਆ ਜਾ ਰਹੀ ਹੈ ਕਿ ਕਾਂਗਰਸ ਲੀਡਰਸ਼ਿਪ ਸੂਬੇ ਨਾਲ ਜੁੜੇ ਕੁਝ ਮਹੱਤਵਪੂਰਨ ਜਥੇਬੰਦਕ ਫ਼ੈਸਲਿਆਂ ਦੀ ਜਾਣਕਾਰੀ ਵੀ ਆਗੂਆਂ ਨਾਲ ਸਾਂਝੀ ਕਰ ਸਕਦੀ ਹੈ।
117 ਸੀਟਾਂ ਦੀ ਸਿਆਸੀ ਸਥਿਤੀ ਦਾ ਹੋਵੇਗਾ ਮੁਲਾਂਕਣ
ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਕਿਹਾ ਕਿ ਬੈਠਕ 'ਚ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਦੀ ਸਿਆਸੀ ਸਥਿਤੀ ਦਾ ਵਿਸਥਾਰਪੂਰਵਕ ਮੁਲਾਂਕਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਭਾਵਿਤ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਨੂੰ ਸ਼ੁਰੂਆਤੀ ਪੱਧਰ 'ਤੇ ਅੱਗੇ ਵਧਾਉਣ 'ਤੇ ਵੀ ਵਿਚਾਰ ਹੋਵੇਗਾ, ਤਾਂ ਜੋ ਸੰਭਾਵਿਤ ਉਮੀਦਵਾਰਾਂ ਨੂੰ ਆਪਣੇ-ਆਪਣੇ ਖੇਤਰਾਂ 'ਚ ਪੂਰਾ ਸਮਾਂ ਮਿਲ ਸਕੇ।
ਕਾਂਗਰਸ ਲੀਡਰਸ਼ਿਪ ਦਾ ਮੰਨਣਾ ਹੈ...
ਕਾਂਗਰਸ ਲੀਡਰਸ਼ਿਪ ਦਾ ਮੰਨਣਾ ਹੈ ਕਿ ਜੇਕਰ ਕਿਸੇ ਕਾਰਨ ਵਿਧਾਨ ਸਭਾ ਚੋਣਾਂ ਨਿਰਧਾਰਿਤ ਸਮੇਂ ਤੋਂ ਪਹਿਲਾਂ ਐਲਾਨੀਆਂ ਜਾਂਦੀਆਂ ਹਨ, ਤਾਂ ਪਹਿਲਾਂ ਤੋਂ ਤਿਆਰ ਉਮੀਦਵਾਰਾਂ ਨੂੰ ਲੋਕ ਸੰਪਰਕ ਅਤੇ ਚੋਣ ਪ੍ਰਚਾਰ ਲਈ ਪੂਰਾ ਮੌਕਾ ਮਿਲੇਗਾ। ਪਾਰਟੀ ਦੀ ਰਣਨੀਤੀ ਸੰਭਾਵਿਤ ਚਿਹਰਿਆਂ ਨੂੰ ਸਮੇਂ ਸਿਰ ਸਰਗਰਮ ਕਰਕੇ ਸੰਗਠਨ ਦਾ ਵਿਸਥਾਰ ਕਰਨ ਅਤੇ ਜ਼ਮੀਨੀ ਪਕੜ ਮਜ਼ਬੂਤ ਕਰਨ ਦੀ ਹੈ। ਲਗਾਤਾਰ ਹੋ ਰਹੀਆਂ ਇਨ੍ਹਾਂ ਬੈਠਕਾਂ ਨੂੰ ਸਿਆਸੀ ਹਲਕਿਆਂ 'ਚ ਇਸ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਂਡ ਪੰਜਾਬ 'ਚ ਪਾਰਟੀ ਦੀ ਵਾਪਸੀ ਯਕੀਨੀ ਬਣਾਉਣ ਲਈ ਇੱਕ ਵਿਆਪਕ ਅਤੇ ਲੰਮੇ ਸਮੇਂ ਦੀ ਚੋਣ ਰਣਨੀਤੀ 'ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ।