ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਧਿਆਪਕਾਂ ਨਾਲ ਵਾਪਰ ਰਹੇ ਇਹ ਹਾਦਸੇ ਮਹਿਜ਼ ਇਤਫ਼ਾਕ ਨਹੀਂ ਹਨ।

ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਅੱਜ ਸਵੇਰੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਠੱਠਾ ਦਲੇਰ ਸਿੰਘ ਵਾਲਾ' ਦੇ ਦੋ ਅਧਿਆਪਕ ਸਕੂਲ ਜਾਂਦੇ ਸਮੇਂ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਦਰਦਨਾਕ ਹਾਦਸੇ ਵਿੱਚ ਮਹਿਲਾ ਅਧਿਆਪਕਾ ਕਾਜਲ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ, ਜਦਕਿ 6635 ETT ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਡੈਮੋਕ੍ਰੈਟਿਕ ਟੀਚਰਜ਼ ਫਰੰਟ (DTF) ਪੰਜਾਬ ਨੇ ਇਸ ਘਟਨਾ 'ਤੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਅਧਿਆਪਕਾਂ ਦੀ ਸੁਰੱਖਿਆ ਅਤੇ ਮਾਨਸਿਕ ਸਿਹਤ ਪ੍ਰਤੀ ਸਰਕਾਰ ਦੀ ਬੇਰੁਖ਼ੀ ਦੀ ਸਖ਼ਤ ਨਿਖੇਧੀ ਕੀਤੀ ਹੈ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਧਿਆਪਕਾਂ ਨਾਲ ਵਾਪਰ ਰਹੇ ਇਹ ਹਾਦਸੇ ਮਹਿਜ਼ ਇਤਫ਼ਾਕ ਨਹੀਂ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾ ਕਾਜਲ ਤੋਂ ਪਹਿਲਾਂ, ਸਾਲ 2023 ਵਿੱਚ ਫ਼ਾਜ਼ਿਲਕਾ ਜ਼ਿਲ੍ਹੇ ਦੇ ਤਿੰਨ ਅਧਿਆਪਕ ਅਤੇ ਨਵੰਬਰ 2025 ਵਿੱਚ ਚੋਣ ਡਿਊਟੀ ਦੌਰਾਨ ਅਧਿਆਪਕ ਜੋੜਾ ਜਸਕਰਨ ਭੁੱਲਰ ਤੇ ਕੰਵਲਜੀਤ ਕੌਰ ਵੀ ਆਪਣੀ ਜਾਨ ਗਵਾ ਚੁੱਕੇ ਹਨ।
ਆਗੂਆਂ ਨੇ ਦੱਸਿਆ ਕਿ ਅਧਿਆਪਕਾਂ 'ਤੇ ਵਧ ਰਿਹਾ ਮਾਨਸਿਕ ਤਣਾਅ ਇਹਨਾਂ ਹਾਦਸਿਆਂ ਦਾ ਵੱਡਾ ਕਾਰਨ ਹੈ। ਸਕੂਲਾਂ ਵਿੱਚ ਆਨਲਾਈਨ ਐਪ ਰਾਹੀਂ ਹਾਜ਼ਰੀ ਲਗਾਉਣ ਦੀ ਸ਼ਰਤ ਨੇ ਅਧਿਆਪਕਾਂ ਵਿੱਚ ਭੈਅ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਲੇਟ ਹੋਣ ਦੇ ਡਰੋਂ ਅਧਿਆਪਕ ਸੜਕਾਂ 'ਤੇ ਜਲਦਬਾਜ਼ੀ ਵਿੱਚ ਸਫ਼ਰ ਕਰਨ ਲਈ ਮਜਬੂਰ ਹਨ। ਇਸ ਤੋਂ ਇਲਾਵਾ ਬੀ ਐਲ ਓ ਡਿਊਟੀਆਂ, ਜਨਗਣਨਾ ਅਤੇ ਸਰਵੇਖਣਾਂ ਦਾ ਬੋਝ, ਨਵੇਂ ਦਾਖ਼ਲੇ ਵਧਾਉਣ ਅਤੇ ਅਨਪੜ੍ਹ ਵਿਅਕਤੀਆਂ ਨੂੰ ਲੱਭ ਕੇ ਪੜ੍ਹਾਉਣ ਦਾ ਵਾਧੂ ਦਬਾਅ, ਸਕੂਲ ਗ੍ਰਾਂਟਾਂ ਦੇ ਹਿਸਾਬ-ਕਿਤਾਬ ਅਤੇ ਹੋਰ ਗੈਰ-ਵਿੱਦਿਅਕ ਕੰਮਾਂ ਦੀ ਬਹੁਤਾਤ ਨੇ ਅਧਿਆਪਕਾਂ ਨੂੰ ਮਾਨਸਿਕ ਤੌਰ 'ਤੇ ਬੋਝ ਦੇ ਥੱਲੇ ਲੈ ਆਂਦਾ ਹੈ, ਜਿਸਦਾ ਅਸਰ ਉਨ੍ਹਾਂ ਦੀ ਕਾਰਗੁਜ਼ਾਰੀ 'ਤੇ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ।
ਡੀ.ਟੀ.ਐੱਫ. ਆਗੂਆਂ ਨੇ ਦੋਸ਼ ਲਾਇਆ ਕਿ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਸਰਕਾਰ ਨੇ ਡਿਊਟੀ ਦੌਰਾਨ ਹਾਦਸਿਆਂ ਦਾ ਸ਼ਿਕਾਰ ਹੋਏ ਮ੍ਰਿਤਕ ਅਧਿਆਪਕਾਂ ਦੇ ਪਰਿਵਾਰਾਂ ਲਈ ਕੋਈ ਮੁਆਵਜ਼ਾ ਨੀਤੀ ਤਿਆਰ ਨਹੀਂ ਕੀਤੀ, ਜੋ ਸਰਕਾਰ ਦੀ ਮੁਲਾਜ਼ਮ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਮ੍ਰਿਤਕ ਅਧਿਆਪਕਾ ਦੇ ਪਰਿਵਾਰ ਨੂੰ ਤੁਰੰਤ ਵਿਸ਼ੇਸ਼ ਮੁਆਵਜ਼ਾ ਅਤੇ ਵਾਰਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਅਧਿਆਪਕਾਂ ਤੋਂ ਸਾਰੇ ਗੈਰ-ਵਿੱਦਿਅਕ ਕੰਮ ਵਾਪਸ ਲਏ ਜਾਣ। "ਸਿੱਖਿਆ ਕ੍ਰਾਂਤੀ" ਦੇ ਨਾਮ 'ਤੇ ਕੀਤੇ ਜਾ ਰਹੇ ਝੂਠੇ ਪ੍ਰਚਾਰ ਦੀ ਬਜਾਏ ਅਧਿਆਪਕਾਂ ਲਈ ਸਾਜ਼ਗਾਰ ਮਾਹੌਲ ਸਿਰਜਿਆ ਜਾਵੇ।