ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਡੀਐੱਸਪੀ ਟ੍ਰੈਫਿਕ ਨੇ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ
ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਡੀਐੱਸਪੀ ਟ੍ਰੈਫਿਕ ਨੇ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ
Publish Date: Wed, 14 Jan 2026 06:42 PM (IST)
Updated Date: Wed, 14 Jan 2026 06:45 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸੜਕੀ ਹਾਦਸਿਆਂ ਨੂੰ ਰੋਕਣ ਤੇ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਪ੍ਰਤੀ ਸੁਚੇਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਬੱਸੀ-ਮੁਬਾਰਕਪੁਰ ਅਪਰੇਟਰ ਯੂਨੀਅਨ, ਡੇਰਾਬੱਸੀ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਡੀਐੱਸਪੀ ਟ੍ਰੈਫਿਕ ਕਰਨੈਲ ਸਿੰਘ ਨੇ ਸ਼ਿਰਕਤ ਕੀਤੀ ਅਤੇ ਡਰਾਈਵਰਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਡੀਐੱਸਪੀ ਕਰਨੈਲ ਸਿੰਘ ਨੇ ਡਰਾਈਵਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੜਕੀ ਨਿਯਮ ਸਾਡੀ ਸੁਰੱਖਿਆ ਲਈ ਬਣਾਏ ਗਏ ਹਨ। ਉਨ੍ਹਾਂ ਨੇ ਸੀਟ ਬੈਲਟ ਲਗਾਉਣ, ਨਿਰਧਾਰਤ ਗਤੀ ਸੀਮਾ ਵਿਚ ਗੱਡੀ ਚਲਾਉਣ ਅਤੇ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣਾ ਨਾ ਸਿਰਫ਼ ਕਾਨੂੰਨੀ ਅਪਰਾਧ ਹੈ, ਸਗੋਂ ਇਹ ਜਾਨਲੇਵਾ ਵੀ ਸਾਬਤ ਹੁੰਦਾ ਹੈ। ਉਨ੍ਹਾਂ ਮੌਜੂਦਾ ਮੌਸਮ ਨੂੰ ਮੁੱਖ ਰੱਖਦਿਆਂ ਡਰਾਈਵਰਾਂ ਨੂੰ ਧੁੰਦ ਦੌਰਾਨ ਫੌਗ ਲਾਈਟਾਂ ਦੀ ਵਰਤੋਂ ਕਰਨ ਅਤੇ ਵਾਹਨਾਂ ਦੇ ਪਿੱਛੇ ਰਿਫਲੈਕਟਰ ਲਗਾਉਣ ਦੀ ਹਦਾਇਤ ਦਿੱਤੀ। ਡਰਾਈਵਰਾਂ ਨੂੰ ਆਪਣੇ ਵਾਹਨ ਦੇ ਮੁਕੰਮਲ ਦਸਤਾਵੇਜ਼ ਜਿਵੇਂ ਕਿ ਲਾਇਸੈਂਸ, ਆਰਸੀ ਅਤੇ ਬੀਮਾ ਆਦਿ ਹਮੇਸ਼ਾ ਨਾਲ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੜਕ ਤੇ ਵਰਤੀ ਗਈ ਇਕ ਛੋਟੀ ਜਿਹੀ ਲਾਪਰਵਾਹੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਦਾ ਮਕਸਦ ਚਾਲਾਨ ਕੱਟਣਾ ਨਹੀਂ, ਸਗੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਹੈ। ਇਸ ਦੌਰਾਨ ਬੱਸੀ-ਮੁਬਾਰਕਪੁਰ ਅਪਰੇਟਰ ਯੂਨੀਅਨ ਦੇ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਸਮੂਹ ਡਰਾਈਵਰ ਟ੍ਰੈਫਿਕ ਨਿਯਮਾਂ ਦੀ ਪੂਰੀ ਇਮਾਨਦਾਰੀ ਨਾਲ ਪਾਲਣਾ ਕਰਨਗੇ। ਇਸ ਮੌਕੇ ਯੂਨੀਅਨ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿਚ ਡਰਾਈਵਰ ਹਾਜ਼ਰ ਸਨ। ਇਸ ਮੌਕੇ ਟ੍ਰੈਫਿਕ ਇੰਚਾਰਜ ਡੇਰਾਬੱਸੀ ਸੁਰਿੰਦਰ ਸਿੰਘ ਅਤੇ ਟ੍ਰੈਫਿਕ ਇੰਚਾਰਜ ਮੁਬਾਰਕਪੁਰ ਹਰਕੇਸ਼ ਸਿੰਘ ਵੀ ਮੌਜੂਦ ਸਨ।