ਬੱਸ ਸਟੈਂਡ ਨੇੜੇ ਨਸ਼ੇੜੀ ਨੌਜਵਾਨ ਕਾਬੂ
ਬੱਸ ਸਟੈਂਡ ਨੇੜੇ ਨਸ਼ੇੜੀ ਨੌਜਵਾਨ ਕਾਬੂ
Publish Date: Fri, 09 Jan 2026 08:38 PM (IST)
Updated Date: Fri, 09 Jan 2026 08:39 PM (IST)

ਇਕਬਾਲ ਸਿੰਘ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਪੁਲਿਸ ਨੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਮੁਬਾਰਕਪੁਰ ਬੱਸ ਸਟੈਂਡ ਨੇੜਿਓਂ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ, ਜੋ ਨਾ ਸਿਰਫ਼ ਖ਼ੁਦ ਨਸ਼ੇ ਕਰਨ ਦਾ ਆਦੀ ਸੀ, ਸਗੋਂ ਇਲਾਕੇ ਦੇ ਹੋਰ ਨੌਜਵਾਨਾਂ ਨੂੰ ਵੀ ਇਸ ਭੈੜੀ ਲਤ ਵਿਚ ਧੱਕ ਰਿਹਾ ਸੀ। ਪੁਲਿਸ ਵੱਲੋਂ ਕਰਵਾਏ ਗਏ ਮੈਡੀਕਲ ਟੈਸਟ ਵਿਚ ਨੌਜਵਾਨ ਦੇ ਨਸ਼ਾ ਕਰਨ ਦੀ ਪੁਸ਼ਟੀ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫ਼ਸਰ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਮੁਬਾਰਕਪੁਰ ਬੱਸ ਸਟੈਂਡ ਕੋਲ ਮੌਜੂਦ ਸੀ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਇਕ ਨੌਜਵਾਨ, ਜੋ ਨਸ਼ੇ ਦਾ ਬਹੁਤ ਜ਼ਿਆਦਾ ਆਦੀ ਹੈ, ਬੱਸ ਸਟੈਂਡ ਨੇੜੇ ਘੁੰਮ ਰਿਹਾ ਹੈ। ਸੂਚਨਾ ਮਿਲੀ ਸੀ ਕਿ ਉਕਤ ਨੌਜਵਾਨ ਨੇ ਉਸ ਸਮੇਂ ਵੀ ਭਾਰੀ ਮਾਤਰਾ ਵਿਚ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ ਅਤੇ ਜੇਕਰ ਉਸ ਨੂੰ ਤੁਰੰਤ ਨਾ ਰੋਕਿਆ ਜਾਂਦਾ ਤਾਂ ਓਵਰਡੋਜ਼ ਕਾਰਨ ਉਸ ਦੀ ਜਾਨ ਵੀ ਜਾ ਸਕਦੀ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ਤੇ ਰੇਡ ਕਰਕੇ ਨੌਜਵਾਨ ਨੂੰ ਕਾਬੂ ਕਰ ਲਿਆ। ਫੜੇ ਗਏ ਨੌਜਵਾਨ ਦੀ ਪਛਾਣ ਰਾਹੁਲ ਉਰਫ਼ ਨੋਨੀ ਵਾਸੀ ਤ੍ਰਿਵੇਦੀ ਕੈਂਪ (ਮੁਬਾਰਕਪੁਰ) ਵਜੋਂ ਹੋਈ ਹੈ। ਹਾਲਾਂਕਿ ਤਲਾਸ਼ੀ ਦੌਰਾਨ ਉਸ ਕੋਲੋਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ, ਪਰ ਹਾਲਤ ਸ਼ੱਕੀ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ। ਹਸਪਤਾਲ ਵਿਚ ਕੀਤੇ ਗਏ ਡੋਪ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਈ, ਜਿਸ ਤੋਂ ਸਪੱਸ਼ਟ ਹੋ ਗਿਆ ਕਿ ਉਸ ਨੇ ਨਸ਼ਾ ਕੀਤਾ ਹੋਇਆ ਸੀ। ਪੁਲਿਸ ਨੇ ਰਾਹੁਲ ਉਰਫ਼ ਨੋਨੀ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਨਿਯਮਾਂ ਅਨੁਸਾਰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ। ਪੁਲਿਸ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਕਰਦਾ ਦਿਖਾਈ ਦੇਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।