ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ
ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ
Publish Date: Mon, 05 Jan 2026 07:30 PM (IST)
Updated Date: Mon, 05 Jan 2026 07:32 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸੜਕੀ ਹਾਦਸਿਆਂ ਨੂੰ ਰੋਕਣ ਅਤੇ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਪ੍ਰਤੀ ਸੁਚੇਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਟ੍ਰੈਫਿਕ ਇੰਚਾਰਜ ਡੇਰਾਬੱਸੀ, ਸੁਰਿੰਦਰ ਸਿੰਘ ਨੇ ਸੋਮਵਾਰ ਵੱਖ-ਵੱਖ ਯੂਨੀਅਨਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਡਰਾਈਵਰਾਂ ਨਾਲ ਵਿਸ਼ੇਸ਼ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਡਰਾਈਵਰਾਂ ਨੂੰ ਸਮਝਾਇਆ ਕਿ ਨਿਯਮਾਂ ਦੀ ਪਾਲਣਾ ਸਿਰਫ਼ ਚਾਲਾਨ ਤੋਂ ਬਚਣ ਲਈ ਨਹੀਂ, ਸਗੋਂ ਆਪਣੀ ਅਤੇ ਦੂਜਿਆਂ ਦੀ ਜਾਨ ਬਚਾਉਣ ਲਈ ਜ਼ਰੂਰੀ ਹੈ। ਉਨ੍ਹਾਂ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣਾ ਨਾ ਸਿਰਫ਼ ਅਪਰਾਧ ਹੈ, ਸਗੋਂ ਜਾਨਲੇਵਾ ਵੀ ਹੈ। ਡਰਾਈਵਰਾਂ ਨੂੰ ਆਪਣੇ ਵਾਹਨਾਂ ਦੇ ਕਾਗਜ਼ਾਤ, ਲਾਇਸੈਂਸ ਅਤੇ ਪ੍ਰਦੂਸ਼ਣ ਸਰਟੀਫ਼ਿਕੇਟ ਹਮੇਸ਼ਾ ਮੁਕੰਮਲ ਰੱਖਣ ਦੀ ਹਦਾਇਤ ਦਿੱਤੀ ਗਈ। ਉਨ੍ਹਾਂ ਨੇ ਭਾਰੀ ਵਾਹਨਾਂ ਦੇ ਡਰਾਈਵਰਾਂ ਨੂੰ ਓਵਰਲੋਡਿੰਗ ਅਤੇ ਤੈਅ ਸੀਮਾ ਤੋਂ ਵੱਧ ਰਫ਼ਤਾਰ ਤੇ ਗੱਡੀ ਨਾ ਚਲਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦਾ ਮਕਸਦ ਲੋਕਾਂ ਦੇ ਚਾਲਾਨ ਕੱਟਣਾ ਨਹੀਂ, ਸਗੋਂ ਉਨ੍ਹਾਂ ਨੂੰ ਸੁਰੱਖਿਅਤ ਸਫ਼ਰ ਲਈ ਜਾਗਰੂਕ ਕਰਨਾ ਹੈ। ਜੇਕਰ ਹਰ ਡਰਾਈਵਰ ਜ਼ਿੰਮੇਵਾਰੀ ਸਮਝੇ, ਤਾਂ ਸੜਕੀ ਹਾਦਸਿਆਂ ਵਿਚ ਵੱਡੀ ਕਮੀ ਆ ਸਕਦੀ ਹੈ। ਡਰਾਈਵਰ ਯੂਨੀਅਨਾਂ ਦੇ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਹ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ। ਇਸ ਮੌਕੇ ਹੋਰ ਟ੍ਰੈਫਿਕ ਕਰਮਚਾਰੀ ਅਤੇ ਯੂਨੀਅਨਾਂ ਦੇ ਅਹੁਦੇਦਾਰ ਵੀ ਹਾਜ਼ਰ ਸਨ।