ਯੁਵਸਤੰਭ ਅਤੇ ਨੰਨ੍ਹੇ ਕਦਮ ਸੰਸਥਾ ਨੇ ਡਰਾਇੰਗ ਮੁਕਾਬਲੇ ਕਰਵਾਏ
ਯੁਵਸਤੰਭ ਅਤੇ ਨੰਨ੍ਹੇ ਕਦਮ ਸੰਸਥਾ ਵੱਲੋਂ ਡਰਾਇੰਗ ਮੁਕਾਬਲੇ ਦਾ ਆਯੋਜਨ
Publish Date: Fri, 30 Jan 2026 06:32 PM (IST)
Updated Date: Fri, 30 Jan 2026 06:34 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਗਣਤੰਤਰ ਦਿਵਸ ਦੇ ਸ਼ੁੱਭ ਮੌਕੇ ਤੇ ਯੁਵਸਤੰਭ ਅਤੇ ਨੰਨ੍ਹੇ ਕਦਮ ਸੰਸਥਾ ਵੱਲੋਂ ਵਾਰਡ ਨੰ. 3, ਬਾਪੂਧਾਮ ਕਾਲੋਨੀ ਵਿਚ ਬੱਚਿਆਂ ਲਈ ਦੇਸ਼ ਭਗਤੀ ਦਾ ਇਕ ਵਿਸ਼ੇਸ਼ ਪ੍ਰੋਗਰਾਮ ਅਤੇ ਡਰਾਇੰਗ ਮੁਕਾਬਲਾ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਮਾਤਾ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਤੇ ਫੁੱਲ ਭੇਟ ਕਰਕੇ ਕੀਤੀ ਗਈ। ਇਸ ਸਮਾਗਮ ’ਚ ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਅਮਿਤ ਖੈਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਸਿੱਖਿਆ ਦੇ ਅਧਿਕਾਰ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਸਿੱਖਿਆ ਹੀ ਸਮਾਜ ਵਿਚ ਤਬਦੀਲੀ ਲਿਆਉਣ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ। ਸਥਾਨਕ ਵਾਰਡ ਨੰ. 3 ਦੇ ਮੰਡਲ ਪ੍ਰਧਾਨ ਵਰਿੰਦਰ ਜੇਡੀ ਨੇ 26 ਜਨਵਰੀ ਦੀ ਇਤਿਹਾਸਕ ਮਹੱਤਤਾ ਅਤੇ ਬਾਬਾ ਸਾਹਿਬ ਦੇ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਵਾਲਮੀਕਿ ਧਰਮਸ਼ਾਲਾ ਦੇ ਪ੍ਰਧਾਨ ਰਤਨ ਸਿੰਘ ਚੌਹਾਨ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋ ਕੇ ਬੱਚਿਆਂ ਦਾ ਉਤਸ਼ਾਹ ਵਧਾਇਆ। ‘‘‘‘‘‘‘‘‘‘‘‘‘ ਡੱਬੀ.. ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ : ਡਰਾਇੰਗ ਮੁਕਾਬਲਾ: ਲਗਭਗ 300 ਬੱਚਿਆਂ ਨੇ ਤਿੰਨ ਵੱਖ-ਵੱਖ ਸ਼੍ਰੇਣੀਆਂ ਵਿਚ ਹਿੱਸਾ ਲਿਆ। ਜੇਤੂ ਬੱਚਿਆਂ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦਿੱਤਾ ਗਿਆ ਅਤੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਕਿੱਟਾਂ ਵੰਡੀਆਂ ਗਈਆਂ। ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ ਤੇ ਨਾਚ ਅਤੇ ਗਾਇਨ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ। ਸਮਾਗਮ ਦੇ ਅੰਤ ’ਚ ਸਾਰੇ ਹਾਜ਼ਰੀਨ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਦੋਵਾਂ ਐੱਨਜੀਓਜ਼ ਦੀਆਂ ਟੀਮਾਂ, ਮੰਡਲ ਟੀਮ ਅਤੇ ਸਥਾਨਕ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਹ ਆਯੋਜਨ ਬੱਚਿਆਂ ਵਿਚ ਦੇਸ਼ ਭਗਤੀ ਅਤੇ ਸੰਵਿਧਾਨਿਕ ਕਦਰਾਂ-ਕੀਮਤਾਂ ਨੂੰ ਉਤਸ਼ਾਹਤ ਕਰਨ ਲਈ ਇਕ ਵਧੀਆ ਉਪਰਾਲਾ ਸਾਬਤ ਹੋਇਆ।