ਅਨੁਸੂਚਿਤ ਜਾਤੀਆਂ ਲਈ ਰਾਖਵੇਂ ਫੰਡ ਸਿਰਫ਼ ਐੱਸਸੀ ਭਾਈਚਾਰੇ ’ਤੇ ਹੀ ਖਰਚੇ ਜਾਣ : ਡਾ. ਬਲਜੀਤ ਕੌਰ
ਅਨੁਸੂਚਿਤ ਜਾਤੀਆਂ ਲਈ ਰਾਖਵੇਂ ਫੰਡ ਸਿਰਫ਼ ਐਸ.ਸੀ. ਭਾਈਚਾਰੇ ’ਤੇ ਹੀ ਖਰਚੇ ਜਾਣ: ਡਾ. ਬਲਜੀਤ ਕੌਰ
Publish Date: Fri, 02 Jan 2026 06:37 PM (IST)
Updated Date: Sat, 03 Jan 2026 04:09 AM (IST)

ਫੋਟੋ ਸਮਾਚਾਰ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਰਾਜ ’ਚ ਅਨੁਸੂਚਿਤ ਜਾਤੀਆਂ ਦੀ ਸਮਾਜਿਕ-ਆਰਥਿਕ ਭਲਾਈ ਲਈ ਲਾਗੂ ਕੀਤੇ ਜਾ ਰਹੇ ਅਨੁਸੂਚਿਤ ਜਾਤੀਆਂ ਸਬ-ਪਲਾਨ (ਐੱਸ.ਸੀ.ਐੱਸ.ਪੀ.) ਦੀ ਪ੍ਰਗਤੀ ਦੀ ਸਮੀਖਿਆ ਲਈ ਇਕ ਬੈਠਕ ਕੀਤੀ। ਬੈਠਕ ਦੌਰਾਨ ਐੱਸਸੀ ਸਬ-ਪਲਾਨ ਅਧੀਨ ਸਕੀਮਾਂ ਲਾਗੂ ਕਰ ਰਹੇ ਲਗਪਗ 25 ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ’ਚ ਡਾ. ਬਲਜੀਤ ਕੌਰ ਨੇ ਵਿੱਤੀ ਸਾਲ 2025-26 ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਐੱਸ.ਸੀ. ਸਬ-ਪਲਾਨ ਤਹਿਤ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਯੋਜਨਾਵਾਂ ਲਈ ਰੱਖੀ ਗਈ ਰਾਸ਼ੀ ਹਾਲੇ ਤੱਕ ਖਰਚ ਨਹੀਂ ਹੋਈ, ਉਸ ਦੀ ਵਰਤੋਂ ’ਚ ਤੇਜ਼ੀ ਲਿਆਂਦੀ ਜਾਵੇ ਅਤੇ ਰਾਸ਼ੀ ਤੁਰੰਤ ਜਾਰੀ ਕਰਵਾ ਕੇ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ’ਤੇ ਲੋਕਾਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਐੱਸਸੀ ਸਬ-ਪਲਾਨ ਤਹਿਤ ਰੱਖੀ ਗਈ ਰਾਸ਼ੀ ਦੀ ਵਰਤੋਂ ਸਿਰਫ਼ ਅਨੁਸੂਚਿਤ ਜਾਤੀ ਭਾਈਚਾਰੇ ਦੀ ਭਲਾਈ ਲਈ ਹੀ ਕੀਤੀ ਜਾਵੇ ਤੇ ਇਸ ’ਚ ਕਿਸੇ ਕਿਸਮ ਦੀ ਲਾਪਰਵਾਹੀ ਜਾਂ ਗਲਤ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬੈਠਕ ਵਿਚ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ , ਐਸ.ਸੀ. ਸਬ-ਪਲਾਨ ਲਈ ਨੋਡਲ ਵਿਭਾਗ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਵੀ.ਕੇ. ਮੀਨਾ , ਡਾਇਰੈਕਟਰ-ਕਮ-ਵਧੀਕ ਸਕੱਤਰ ਵਿੰਮੀ ਭੁੱਲਰ , ਖੋਜ ਅਫਸਰ ਡਾ ਲਿਵਪ੍ਰੀਤ ਕੌਰ ਹਾਜ਼ਰ ਸਨ।