ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੇ ਲਾਗੂ ਕਰਨ ਸਬੰਧੀ ਜਾਇਜ਼ਾ
ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੇ ਲਾਗੂਕਰਨ ਦਾ ਜਾਇਜ਼ਾ,
Publish Date: Tue, 10 Feb 2026 06:58 PM (IST)
Updated Date: Wed, 11 Feb 2026 04:09 AM (IST)

* ਜ਼ਿਲ੍ਹਾ ਹਸਪਤਾਲ ਮੁਹਾਲੀ ਦਾ ਕੀਤਾ ਦੌਰਾ, ਪੰਜੀਕਰਨ ਤੇ ਕਾਰਡ ਬਣਾਉਣ ਦੇ ਕੰਮ ਨੂੰ ਹੋਰ ਤੇਜ਼ ਕਰਨ ਦੀ ਹਦਾਇਤ ਫ਼ੋਟੋ ਕੈਪਸ਼ਨ : ਜਾਇਜ਼ਾ ਲੈਂਦੇ ਹੋਏ ਡਾਇਰੈਕਟਰ ਡਾ. ਹਿਤਿੰਦਰ ਕੌਰ ਤੇ ਹੋਰ ਸਿਹਤ ਅਧਿਕਾਰੀ। 4ਪੀ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਿਤਿੰਦਰ ਕੌਰ ਨੇ ਜ਼ਿਲ੍ਹਾ ਹਸਪਤਾਲ ਮੁਹਾਲੀ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਲਾਗੂ ਕਰਨ ਸਬੰਧੀ ਜਾਇਜ਼ਾ ਲਿਆ ਅਤੇ ਸਿਹਤ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿਤੀਆਂ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ 10 ਲੱਖ ਰੁਪਏ ਤਕ ਦੇ ਮੁਫ਼ਤ ਨਕਦੀ-ਰਹਿਤ ਇਲਾਜ ਵਾਸਤੇ ਬਣਾਏ ਜਾ ਰਹੇ ਸਿਹਤ ਬੀਮਾ ਕਾਰਡ ਦੇ ਪੰਜੀਕਰਣ ਅਤੇ ਕਾਰਡ ਬਣਾਉਣ ਦੇ ਕੰਮ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂਕਿ ਲੋਕਾਂ ਨੂੰ ਸਮੇਂ ਸਿਰ ਇਹ ਵੱਕਾਰੀ ਸਿਹਤ ਸਹੂਲਤ ਮਿਲ ਸਕੇ। ਡਾ. ਹਿਤਿੰਦਰ ਕੌਰ ਨੇ ਹਸਪਤਾਲ ਵਿਚ ਮਰੀਜ਼ ਪੰਜੀਕਰਨ ਕਵਾਇਦ, ਲਾਭਪਾਤਰੀ ਤਸਦੀਕ ਢਾਂਚਾ ਅਤੇ ਯੋਜਨਾ ਨਾਲ ਸਬੰਧਤ ਅੰਤਰ-ਵਿਭਾਗੀ ਤਾਲਮੇਲ ਦਾ ਮੁਲਾਂਕਣ ਕੀਤਾ। ਉਨ੍ਹਾਂ ਹਸਪਤਾਲ ਵਿਚ ਮਰੀਜ਼ਾਂ ਦੀ ਆਮਦ ਅਤੇ ਇਸ ਯੋਜਨਾ ਤਹਿਤ ਮਰੀਜ਼ਾਂ ਦੇ ਦਾਖ਼ਲੇ ਬਾਰੇ ਵੀ ਵਿਸਥਾਰਤ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਲੋਕਾਂ ਵਾਸਤੇ ਬੇਹੱਦ ਫ਼ਾਇਦੇਮੰਦ ਹੈ ਅਤੇ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਲਾਭਪਾਤਰੀਆਂ ਨੂੰ ਕਾਰਡ ਬਣਾਉਣ ’ਚ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਡਾ. ਹਿਤਿੰਦਰ ਕੌਰ ਨੇ ਏਮਜ਼ ਮੁਹਾਲੀ ਅਤੇ ਜ਼ਿਲ੍ਹਾ ਹਸਪਤਾਲ ਮੁਹਾਲੀ ਵਿਚਕਾਰ ਵਧੀਆ ਤਾਲਮੇਲ ਲਈ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਵੱਡੀਆਂ ਸਿਹਤ ਬੀਮਾ ਯੋਜਨਾਵਾਂ ਦੇ ਅਸਰਦਾਰ ਲਾਗੂਕਰਨ ਵਾਸਤੇ ਅੰਤਰ-ਵਿਭਾਗੀ ਤਾਲਮੇਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਅਹਿਮ ਯੋਜਨਾ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇੇ ਕਿਉਂਕਿ ਸਿਹਤ ਬੀਮਾ ਕਾਰਡ ਤਮਾਮ ਪੰਜਾਬ ਵਾਸੀਆਂ ਦੀ ਚੰਗੀ ਸਿਹਤ ਲਈ ਬੇਹੱਦ ਅਹਿਮ ਹੈ। ਅਧਿਕਾਰੀਆਂ ਨੇ ਉਨ੍ਹਾਂ ਨੂੰ ਇਹ ਯੋਜਨਾ ਲਾਗੂ ਕਰਨ ਵਾਸਤੇ ਸਥਾਪਤ ਕੀਤੇ ਗਏ ਬੁਨਿਆਦੀ ਢਾਂਚੇ, ਡਿਜੀਟਲ ਪ੍ਰਕਿਰਿਆ ਅਤੇ ਪ੍ਰਸ਼ਾਸਕੀ ਤਰੀਕਿਆਂ ਵਿਚ ਕੀਤੇ ਗਏ ਸੁਧਾਰਾਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿਚ ਪੰਜੀਕਰਣ ਕਵਾਇਦ ਵਿਚ ਸੁਧਾਰ ਅਤੇ ਕਲੀਨਿਕਲ ਵਿਭਾਗਾਂ ਵਿਚ ਤਾਲਮੇਲ ਸ਼ਾਮਲ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਸੁਰਿੰਦਰ ਕੌਰ, ਸਿਵਲ ਸਰਜਨ ਡਾ. ਸੰਗੀਤਾ ਜੈਨ, ਮੈਡੀਕਲ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਨਵਦੀਪ ਸੈਣੀ, ਐੱਸਐੱਮਓ ਡਾ. ਪਰਮਿੰਦਰਜੀਤ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।