ਧਰਮ ਸੇਵਾ ਸੰਮਤੀ ਨੇ ਧਰਮ ਸੰਮੇਲਨ ਕਰਵਾਇਆ
ਧਰਮ ਸੇਵਾ ਸਮਿਤੀ ਖਰੜ ਵੱਲੋਂ ਧਰਮ ਸੰਮੇਲਨ ਦਾ ਆਯੋਜਨ
Publish Date: Mon, 09 Feb 2026 08:54 PM (IST)
Updated Date: Mon, 09 Feb 2026 08:56 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਧਰਮ ਸੇਵਾ ਸੰਮਤੀ ਵੱਲੋਂ ਜੀਟੀਪੀਐੱਲ ਸਿਟੀ ਵਿਖੇ ਇੰਜੀਨੀਅਰ ਬ੍ਰਿਜਮੋਹਨ, ਕਾਨੂੰਨੀ ਮਾਮਲਿਆਂ ਦੇ ਰਾਜ ਮੁਖੀ, ਆਲ ਇੰਡੀਆ ਖਪਤਕਾਰ ਪੰਚਾਇਤ ਦੀ ਪ੍ਰਧਾਨਗੀ ਹੇਠ ਧਾਰਮਿਕ ਇਕੱਠ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਡੀ ਗਿਣਤੀ ’ਚ ਧਾਰਮਿਕ ਸ਼ਰਧਾਲੂ, ਖ਼ਾਸ ਕਰ ਕੇ ਔਰਤਾਂ ਅਤੇ ਬੱਚਿਆਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਸ਼ਿਵ ਕੌਸ਼ਲ (ਇਕ ਸੀਨੀਅਰ ਬੁੱਧੀਜੀਵੀ) ਦੇ ਸੁਰੀਲੇ ਸੰਕੀਰਤਨ ਨਾਲ ਹੋਈ, ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ‘ਭਜਮਨ ਨਾਰਾਇਣ-ਨਾਰਾਇਣ ਹਰੀ-ਹਰੀ ਨਾਮ’ ਭਜਨ ਗਾ ਕੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਤੋਂ ਬਾਅਦ ਛੋਟੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ, ਜਿਨ੍ਹਾਂ ਵਿਚ ਇਸ਼ਾਂਤ ਦਾ ‘ਸੰਦੇਸ਼ ਆਤੇ ਹੈਂ’, ਫਰਮਾਨ ਸਿੰਘ ਦਾ ‘ਬਮ-ਬਮ ਭੋਲੇ’, ਮਸਤੀ ਪ੍ਰਿੰਸ ਜਿੰਦਲ ਦਾ ‘ਸੁਨੋ ਗੌਰ ਸੇ ਦੁਨੀਆ ਵਾਲਾ’, ਸੀਆ ਸ਼ਰਮਾ ਦਾ ‘ਆਰੰਭ ਹੈ ਪ੍ਰਚੰਡ’ ਅਤੇ ਅਨਾਇਸ਼ਾ ਸ਼ਰਮਾ ਦਾ ਦੇਸ਼ ਭਗਤੀ ਗੀਤ ‘ਤੇਰੀ ਮਿੱਟੀ ਮੈਂ ਮਿਲ ਜਵਾਂ’ ’ਤੇ ਸੁੰਦਰ ਨਾਚ ਪੇਸ਼ ਕੀਤਾ ਗਿਆ। ਅਕੀਰਾ ਕੌਸ਼ਲ ਨੇ ਦੇਸ਼ ਭਗਤੀ ਗੀਤ ਦੀ ਇਕ ਸੁੰਦਰ ਪੇਸ਼ਕਾਰੀ ਦਿੱਤੀ। ਹਰਕੀਰਤ ਸਿੰਘ ਅਤੇ ਤੇਜ ਪ੍ਰਤਾਪ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸਬੰਧਿਤ ਇੱਕ ਸ਼ਬਦ ਗਾਇਨ ਪੇਸ਼ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਸ਼ਿਲਪਾ ਨੇ ‘ਪੰਜ ਬਦਲਾਵਾਂ ਰਾਹੀਂ ਰਾਸ਼ਟਰੀ ਉੱਨਤੀ’-ਸਵੈ-ਜਾਗਰੂਕਤਾ, ਨਾਗਰਿਕ ਫ਼ਰਜ਼, ਵਾਤਾਵਰਣ, ਸਮਾਜਿਕ ਸਦਭਾਵਨਾ ਅਤੇ ਪਰਿਵਾਰਕ ਗਿਆਨ ਵਿਸ਼ੇ ’ਤੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਗੱਲ ਕੀਤੀ। ਸਾਡੀ ਸੰਸਕ੍ਰਿਤੀ, ਰਾਸ਼ਟਰੀ ਭਾਸ਼ਾ ਅਤੇ ਮਾਤ ਭਾਸ਼ਾ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਖ਼ਾਸ ਕਰ ਕੇ ਜੀਵਨ ਵਿਚ ਆਪਣੀਆਂ ਖਾਣ-ਪੀਣ ਦੀਆਂ ਆਦਤਾਂ, ਸ਼ੁੱਧ ਆਚਰਨ ਅਤੇ ਵਿਵਹਾਰ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਣੀ, ਜੰਗਲ, ਜ਼ਮੀਨ ਅਤੇ ਊਰਜਾ ਨੂੰ ਬਚਾਉਣ ਲਈ ਵਾਤਾਵਰਣ ਸੰਭਾਲ ’ਤੇ ਚਾਨਣਾ ਪਾਇਆ।