ਡੀਜੀਪੀ ਪੰਜਾਬ ਨੇ ਬਿਕਰਮਜੀਤ ਸਿੰਘ ਬਰਾੜ ਨੂੰ ਐੱਸਪੀ ਵਜੋਂ ਤਰੱਕੀ ਦੇ ਸਟਾਰ ਲਾਏ
ਡੀਜੀਪੀ ਪੰਜਾਬ ਨੇ ਬਿਕਰਮਜੀਤ ਸਿੰਘ ਬਰਾੜ ਨੂੰ ਐੱਸਪੀ ਵਜੋਂ ਤਰੱਕੀ ਦੇ ਸਟਾਰ ਲਗਾਏ
Publish Date: Wed, 18 Feb 2026 05:51 PM (IST)
Updated Date: Wed, 18 Feb 2026 05:54 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪੰਜਾਬ ਪੁਲਿਸ ਦੇ ਤੇਜ਼-ਤਰਾਰ ਅਧਿਕਾਰੀ ਅਤੇ ਮੌਜੂਦਾ ਐੱਸਪੀ ਡੇਰਾਬੱਸੀ, ਬਿਕਰਮਜੀਤ ਸਿੰਘ ਬਰਾੜ ਲਈ ਬੁੱਧਵਾਰ ਦਾ ਦਿਨ ਬੇਹੱਦ ਖ਼ਾਸ ਰਿਹਾ। ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਕਰਵਾਏ ਇਕ ਵਿਸ਼ੇਸ਼ 'ਪਾਈਪਿੰਗ-ਇਨ' ਸਮਾਰੋਹ ਦੌਰਾਨ ਉਨ੍ਹਾਂ ਨੂੰ ਤਰੱਕੀ ਦੇ ਰੈਂਕ ਲਾਏ ਗਏ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਖ਼ੁਦ ਬਿਕਰਮਜੀਤ ਸਿੰਘ ਬਰਾੜ ਦੀ ਵਰਦੀ 'ਤੇ ਐੱਸਪੀ ਰੈਂਕ ਦੇ ਸਟਾਰ ਲਾ ਕੇ ਉਨ੍ਹਾਂ ਨੂੰ ਅਧਿਕਾਰਤ ਤੌਰ 'ਤੇ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬ ਪੁਲਿਸ ਦੇ ਕਈ ਦਿੱਗਜ਼ ਅਧਿਕਾਰੀ ਹਾਜ਼ਰ ਸਨ, ਜਿਨ੍ਹਾਂ ਵਿਚ ਏਡੀਜੀਪੀ (ਏਜੀਟੀਐੱਫ਼) ਪਰਮੋਦ ਭਾਨ ਅਤੇ ਡੀਆਈਜੀ (ਏਜੀਟੀਐੱਫ਼) ਗੁਰਮੀਤ ਚੌਹਾਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਇਸ ਮੌਕੇ ਡੀਜੀਪੀ ਗੌਰਵ ਯਾਦਵ ਨੇ ਬਰਾੜ ਦੀ ਡਿਊਟੀ ਪ੍ਰਤੀ ਲਗਨ ਅਤੇ ਖ਼ਾਸ ਕਰਕੇ ਗੈਂਗਸਟਰ ਵਿਰੋਧੀ ਮੁਹਿੰਮਾਂ ਵਿਚ ਨਿਭਾਈ ਅਹਿਮ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਮੌਕੇ ਬਿਕਰਮਜੀਤ ਸਿੰਘ ਬਰਾੜ ਨੇ ਆਪਣੀ ਤਰੱਕੀ ਦਾ ਸਿਹਰਾ ਆਪਣੇ ਸੀਨੀਅਰਾਂ ਦੀ ਰਹਿਨੁਮਾਈ ਅਤੇ ਟੀਮ ਵਰਕ ਨੂੰ ਦਿੱਤਾ।
ਬਿਕਰਮਜੀਤ ਸਿੰਘ ਬਰਾੜ ਨੂੰ ਪੰਜਾਬ ਵਿਚ ਗੈਂਗਸਟਰਾਂ ਦੇ ਨੈੱਟਵਰਕ ਨੂੰ ਤੋੜਨ ਅਤੇ ਕਈ ਵੱਡੇ ਆਪ੍ਰੇਸ਼ਨਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਇਸ ਨਵੀਂ ਪ੍ਰਾਪਤੀ 'ਤੇ ਪੁਲਿਸ ਮਹਿਕਮੇ ਅਤੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ।
ਦੱਸਣਯੋਗ ਹੈ ਕਿ ਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਆਪਣੀ ਸੇਵਾ ਦੌਰਾਨ ਵੱਖ-ਵੱਖ ਜ਼ਿੰਮੇਵਾਰ ਅਹੁਦਿਆਂ 'ਤੇ ਰਹਿੰਦਿਆਂ ਸ਼ਾਨਦਾਰ ਯੋਗਤਾ, ਅਗਵਾਈ ਅਤੇ ਡਿਊਟੀ ਪ੍ਰਤੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ, ਅਪਰਾਧ ਨੂੰ ਕੰਟਰੋਲ ਕਰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਤਰੱਕੀ ਨੂੰ ਪੰਜਾਬ ਪੁਲਿਸ ਲਈ ਮਾਣ ਵਾਲਾ ਪਲ ਮੰਨਿਆ ਜਾਂਦਾ ਹੈ। ਇਸ ਸਮਾਰੋਹ ਵਿਚ ਮੌਜੂਦ ਸੀਨੀਅਰ ਅਧਿਕਾਰੀਆਂ ਅਤੇ ਸਹਿਯੋਗੀਆਂ ਨੇ ਸ਼੍ਰੀ ਬਰਾੜ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।