ਸਵੱਛਤਾ ਮਾਮਲੇ ’ਚ ਡੇਰਾਬੱਸੀ ਦੇ ਮਾੜੇ ਹਾਲ
ਗੰਦਗੀ ਦੇ ਮਾਮਲੇ 'ਚ 9ਵੇਂ ਨੰਬਰ 'ਤੇ ਆਉਣ ਦੇ ਬਾਵਜੂਦ ਪ੍ਰਸ਼ਾਸਨ ਬੇਪਰਵਾਹ ;
Publish Date: Tue, 24 Feb 2026 06:48 PM (IST)
Updated Date: Tue, 24 Feb 2026 06:52 PM (IST)

ਗੰਦਗੀ ਫੈਲਾਉਣ ਵਾਲੇ 9ਵੇਂ ਨੰਬਰ ਤੇ ਆਉਣ ਦੇ ਬਾਵਜੂਦ ਪ੍ਰਸ਼ਾਸਨ ਬੇਪਰਵਾਹ ; ਮੁੱਖ ਮੰਤਰੀ ਦੀ ਫੋਟੋ ਹੇਠ ਲੱਗੇ ਕੂੜੇ ਦੇ ਢੇਰ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਵੱਛਤਾ ਦੇ ਮਾਮਲੇ ਵਿਚ ਪੱਛੜ ਚੁੱਕੇ ਡੇਰਾਬੱਸੀ ਸ਼ਹਿਰ ਦੀ ਹਾਲਤ ਸੁਧਰਨ ਦਾ ਨਾਂਅ ਨਹੀਂ ਲੈ ਰਹੀ। ਗੰਦਗੀ ਦੇ ਮਾਮਲੇ ਵਿਚ ਪੂਰੇ ਸੂਬੇ ਵਿਚੋਂ ਨੌਵਾਂ ਸਥਾਨ ਹਾਸਲ ਕਰ ਕੇ ਬਦਨਾਮੀ ਖੱਟਣ ਦੇ ਬਾਵਜੂਦ, ਸਥਾਨਕ ਪ੍ਰਸ਼ਾਸਨ ਗੂੜ੍ਹੀ ਨੀਂਦ ਸੁੱਤਾ ਹੋਇਆ ਜਾਪਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ਹਿਰ ਦੀਆਂ ਮੁੱਖ ਥਾਵਾਂ ਤੇ ਲੱਗੇ ਮੁੱਖ ਮੰਤਰੀ ਪੰਜਾਬ ਦੇ ਹੋਰਡਿੰਗਾਂ ਅਤੇ ਤਸਵੀਰਾਂ ਦੇ ਬਿਲਕੁਲ ਹੇਠਾਂ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਜੋ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ। ਇਕ ਪਾਸੇ ਜਿੱਥੇ ਪੰਜਾਬ ਸਰਕਾਰ ਰੰਗਲਾ ਪੰਜਾਬ ਅਤੇ ਸਵੱਛ ਪੰਜਾਬ ਦੇ ਦਾਅਵੇ ਕਰ ਰਹੀ ਹੈ, ਉੱਥੇ ਹੀ ਡੇਰਾਬੱਸੀ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸਰਕਾਰ ਦੀ ਭਾਰੀ ਕਿਰਕਿਰੀ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਮੁੱਖ ਮੰਤਰੀ ਦੀ ਫੋਟੋ ਵਾਲੀਆਂ ਥਾਵਾਂ ਦੀ ਸਫ਼ਾਈ ਨਹੀਂ ਰੱਖ ਸਕਦਾ, ਤਾਂ ਬਾਕੀ ਸ਼ਹਿਰ ਦਾ ਰੱਬ ਹੀ ਰਾਖਾ ਹੈ। ਡੇਰਾਬੱਸੀ ਗੰਦਗੀ ਦੇ ਮਾਮਲੇ ਵਿਚ ਟਾਪ-10 ਵਿਚ ਆਉਣ ਦੇ ਬਾਵਜੂਦ ਸਫ਼ਾਈ ਮੁਹਿੰਮਾਂ ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਹਨ। ਕੂੜੇ ਦੇ ਢੇਰਾਂ ਕਾਰਨ ਸ਼ਹਿਰ ਵਿਚ ਬਦਬੂ ਫੈਲ ਰਹੀ ਹੈ ਅਤੇ ਭਿਆਨਕ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਕੌਂਸਲ ਦੇ ਅਧਿਕਾਰੀ ਇਸ ਗੰਭੀਰ ਮੁੱਦੇ ਵੱਲ ਕੋਈ ਧਿਆਨ ਨਹੀਂ ਦੇ ਰਹੇ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਸ਼ਹਿਰ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਹਰ ਮੋੜ ਤੇ ਕੂੜਾ ਪਿਆ ਹੈ। ਜੇਕਰ ਜਲਦੀ ਸੁਧਾਰ ਨਾ ਹੋਇਆ ਤਾਂ ਲੋਕ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਉੱਚ ਅਧਿਕਾਰੀ ਇਸ ਖ਼ਬਰ ਤੋਂ ਬਾਅਦ ਹਰਕਤ ਵਿਚ ਆਉਂਦੇ ਹਨ ਜਾਂ ਡੇਰਾਬੱਸੀ ਇਸੇ ਤਰ੍ਹਾਂ ਗੰਦਗੀ ਦੇ ਢੇਰਾਂ ਹੇਠ ਦੱਬਿਆ ਰਹੇਗਾ।