ਔਰਤਾਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਰੂੜੀਵਾਦੀ ਸੋਚ ਦਾ ਪ੍ਰਗਟਾਵਾ : ਬੱਲ
ਔਰਤਾਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਰੂੜੀਵਾਦੀ ਸੋਚ ਦਾ ਪ੍ਰਗਟਾਵਾ : ਬੱਲ
Publish Date: Sat, 14 Mar 2026 05:42 PM (IST)
Updated Date: Sat, 14 Mar 2026 05:45 PM (IST)
ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੱਤਾਧਾਰੀ, ਆਮ ਆਦਮੀ ਪਾਰਟੀ ਵੱਲੋਂ ਔਰਤਾਂ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਕੀਤੀ ਗਈ ਟਿੱਪਣੀ ਸਬੰਧੀ ਘੇਰਿਆ ਗਿਆ ਅਤੇ ਪੰਜਾਬ ਕਾਂਗਰਸ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਔਰਤਾਂ ਬਾਰੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਦਾ ਮੁੱਦਾ ਚੁੱਕਿਆ ਗਿਆ। ਇਸ ਦੇ ਚਲਦੇ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਬੱਲ ਨੇ ਇਸ ਵਰਤਾਰੇ ਦੀ ਸਖ਼ਤ ਨਿੰਦਾ ਕੀਤੀ ਅਤੇ ਇਸ 'ਤੇ ਚਿੰਤਾ ਵੀ ਜ਼ਾਹਰ ਕੀਤੀ। ਉਨ੍ਹਾਂ ਇਸ ਵਰਤਾਰੇ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਕਿ ਗੁਰਬਾਣੀ ਵਿਚ ਔਰਤਾਂ ਨੂੰ ਗੁਰੂ ਸਾਹਿਬਾਨਾਂ ਵੱਲੋਂ ਉੱਚਾ ਦਰਜਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਸਾਡੇ ਸਮਾਜ ਵਿਚ ਮੌਜੂਦ ਰੂੜੀਵਾਦੀ ਸੋਚ ਦਾ ਦਰਪਣ ਹਨ, ਜਿੱਥੇ ਅਜੇ ਵੀ ਔਰਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਉਨ੍ਹਾਂ ਸਮਾਜ ਅਤੇ ਸਿਆਸਤ ਵਿਚ ਔਰਤਾਂ ਦੇ ਮਾਣ-ਸਨਮਾਨ ਨੂੰ ਬਹਾਲ ਕਰਨ ਦੀ ਗੱਲ ਕੀਤੀ ਤੇ ਕਿਹਾ ਕਿ ਔਰਤਾਂ ਲਈ ਰਾਜਨੀਤੀ ਇਕ ਬਰਾਬਰੀ ਦਾ ਮੰਚ ਹੋਣਾ ਚਾਹੀਦਾ ਹੈ ਅਤੇ ਅਧਿਕਾਰ ਸੰਘਰਸ਼ ਪਾਰਟੀ ਅਜਿਹਾ ਕਰ ਰਹੀ ਹੈ, ਜੇ ਅਸੀਂ ਸੱਚਮੁੱਚ ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ ਤਾਂ ਰਾਜਨੀਤਿਕ ਆਗੂਆਂ ਨੂੰ ਆਪਣੀ ਭਾਸ਼ਾ, ਸੋਚ ਅਤੇ ਵਿਹਾਰ ’ਤੇ ਵਿਚਾਰ ਕਰਨਾ ਪਵੇਗਾ। ਉਨ੍ਹਾਂ ਸੁਨੇਹਾ ਦਿੱਤਾ ਕਿ ਪੰਜਾਬ ਦੀ ਸਿਆਸਤ ਵਿਚ ਨਿੱਜੀ ਤੰਜ਼ ਅਤੇ ਲਿੰਗ-ਆਧਾਰਤ ਟਿੱਪਣੀਆਂ ਤੋਂ ਉੱਪਰ ਉਠ ਕੇ ਇਕ ਸੰਵੇਦਨਸ਼ੀਲ ਅਤੇ ਸਮਾਨਤਾ ਵਾਲਾ ਮਾਹੌਲ ਬਣਾਉਣਾ ਪਵੇਗਾ ਤਾਂ ਜੋ ਔਰਤਾਂ ਨਿਡਰ ਹੋ ਕੇ ਸਿਆਸਤ ਵਿਚ ਆਪਣੀ ਜਗ੍ਹਾ ਬਣਾ ਸਕਣ।
ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਬੁਲਾਰੇ ਸ. ਬੱਲ ਨੇ ਕਿਹਾ ਕਿ ਪਹਿਲਾਂ ਮੈਨੂੰ ਪਾਰਟੀ ਦਾ ਕੌਮੀ ਸਪੋਕਸਮੈਨ ਲਗਾਉਣ ਅਤੇ ਪਾਰਟੀ ਦੇ ਪਹਿਲੇ ਸਥਾਪਨਾ ਦਿਵਸ ਅਤੇ ਇੰਟਰਨੈਸ਼ਨਲ ਵੂਮੈਨ-ਡੇ ’ਤੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦਾ ਇੰਚਾਰਜ ਲਗਾਉਣ ਲਈ ਮੈਂ ਪਾਰਟੀ ਦੀ ਪੂਰੀ ਟੀਮ ਦਾ ਧੰਨਵਾਦੀ ਹਾਂ।