ਡੇਰਾਬੱਸੀ ਪੁਲਿਸ ਦੀ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਸਖ਼ਤੀ : 20 ਵਾਹਨਾਂ ਦੇ ਕੀਤੇ ਚਾਲਾਨ
ਡੇਰਾਬੱਸੀ ਪੁਲਿਸ ਦੀ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਸਖ਼ਤੀ: 20 ਵਾਹਨਾਂ ਦੇ ਕੀਤੇ ਚਾਲਾਨ
Publish Date: Wed, 11 Feb 2026 08:05 PM (IST)
Updated Date: Wed, 11 Feb 2026 08:08 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਡੇਰਾਬੱਸੀ ਪੁਲਿਸ ਵੱਲੋਂ ਬੱਸ ਸਟੈਂਡ ਡੇਰਾਬੱਸੀ ਵਿਖੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 20 ਵਾਹਨਾਂ ਦੇ ਚਾਲਾਨ ਕੱਟੇ। ਇਸ ਚੈਕਿੰਗ ਦੌਰਾਨ ਥਾਣਾ ਮੁਖੀ ਡੇਰਾਬੱਸੀ, ਇੰਸਪੈਕਟਰ ਸੁਮਿਤ ਮੋਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਪੁਲਿਸ ਵੱਲੋਂ ਬਿਨਾਂ ਹੈਲਮੇਟ, ਸੀਟ ਬੈਲਟ ਨਾ ਲਾਉਣ, ਆਈਐੱਨਡੀ ਪਲੇਟ, ਦਸਤਾਵੇਜ਼ ਅਧੂਰੇ ਹੋਣ ਅਤੇ ਹੋਰ ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗਣ ਵਾਲੇ ਚਾਲਕਾਂ ਤੇ ਕਾਰਵਾਈ ਕੀਤੀ ਗਈ। ਇੰਸਪੈਕਟਰ ਸੁਮਿਤ ਮੋਰ ਅਤੇ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਦੂਜਿਆਂ ਦੀ ਜਾਨ ਦੀ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਚਾਲਾਨ ਕੱਟਣਾ ਨਹੀਂ, ਸਗੋਂ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਸੜਕੀ ਸਫ਼ਰ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਥਾਣਾ ਮੁਖੀ ਡੇਰਾਬੱਸੀ ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਨਾਕਾਬੰਦੀ ਅਤੇ ਚੈਕਿੰਗ ਦੌਰਾਨ ਇਲਾਕੇ ਵਿਚ ਘੁੰਮ ਰਹੇ ਭੇੜੈ ਅਨਸਰਾਂ ’ਤੇ ਨੱਥ ਪਾਉਣ ਅਤੇ ਕਾਬੂ ਕਰਨ ਵਿਚ ਸਫ਼ਲਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਕੰਮ ਡੇਰਾਬੱਸੀ ਇਲਾਕੇ ਵਿਚ ਲਾਅ ਐਂਡ ਆਰਡਰ ਨੂੰ ਬਣਾ ਕੇ ਰੱਖਣਾ ਹੈ ਤਾਂ ਜੋ ਸ਼ਹਿਰ ਅਤੇ ਇਲਾਕੇ ਦੇ ਲੋਕ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਰਹਿ ਸਕਣ।