ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਉਪਰਾਲਿਆਂ ਨੂੰ ਪਿਆ ਬੂਰ
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਉਪਰਾਲਿਆਂ ਨੂੰ ਪਿਆ ਬੂਰ,
Publish Date: Tue, 06 Jan 2026 06:14 PM (IST)
Updated Date: Tue, 06 Jan 2026 06:17 PM (IST)

ਸੈਕਟਰ 70–71 ਤੇ ਮਟੌਰ ਦੀ ਸਾਲਾ ਪੁਰਾਣੀ ਬਰਸਾਤੀ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ, 7 ਕਰੋੜ ਦੀ ਪਾਈਪ ਲਾਈਨ ਨੂੰ ਮਿਲੀ ਮਨਜ਼ੂਰੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੈਕਟਰ-70, 71, ਮਟੌਰ, ਫੇਜ਼-7 ਅਤੇ ਫੇਜ਼-3ਬੀ- 2 ਦੇ ਵਸਨੀਕਾਂ ਲਈ ਬਰਸਾਤੀ ਅਤੇ ਟਿਊਬਵੈੱਲ ਦੇ ਪਾਣੀ ਦੀ ਸਾਲਾ ਪੁਰਾਣੀ ਸਮੱਸਿਆ ਦਾ ਆਖ਼ਰਕਾਰ ਸਥਾਈ ਹੱਲ ਨਿਕਲ ਆਇਆ ਹੈ। ਇਲਾਕੇ ਵਿਚ ਪਾਣੀ ਦੀ ਨਿਕਾਸੀ ਲਈ 7 ਕਰੋੜ ਰੁਪਏ ਦੀ ਲਾਗਤ ਨਾਲ ਮਟੌਰ ਚੌਕ ਤੋਂ ਐੱਨ-ਚੌਕ ਤੱਕ ਵੱਡੀ ਡਾਇਮੀਟਰ ਦੀ ਪਾਈਪ ਲਾਈਨ ਪਾਈ ਜਾਵੇਗੀ। ਇਸ ਸਬੰਧੀ ਬਕਾਇਦਾ ਐਸਟੀਮੇਟ ਨੂੰ ਪ੍ਰਵਾਨਗੀ ਸਥਾਨਕ ਸਰਕਾਰ ਵਿਭਾਗ ਵੱਲੋਂ ਦੇ ਦਿੱਤੀ ਗਈ ਹੈ, ਜੋ ਪਿਛਲੇ ਕਾਫ਼ੀ ਸਮੇਂ ਤੋਂ ਰੋਕੀ ਹੋਈ ਸੀ ਅਤੇ ਕੁਲਜੀਤ ਸਿੰਘ ਬੇਦੀ ਨੇ ਇਸ ਦੇ ਖ਼ਿਲਾਫ਼ ਸਥਾਨਕ ਸਰਕਾਰ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਦੇਣ ਦਾ ਵੀ ਐਲਾਨ ਕੀਤਾ ਸੀ। ਇਸ ਸਬੰਧੀ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਬਰਸਾਤਾਂ ਦੌਰਾਨ ਪਾਣੀ ਦਾ ਕੁਦਰਤੀ ਵਹਾਅ ਪਿੱਛੋਂ ਆਉਂਦਾ ਸੀ, ਜਦਕਿ ਅੱਗੇ ਸੜਕਾਂ ਉੱਚੀਆਂ ਹੋਣ ਕਾਰਨ ਨਿਕਾਸੀ ਰੁਕ ਜਾਂਦੀ ਸੀ। “ਟਿਊਬਵੈੱਲਾਂ ਨਾਲ ਨੀਵੇਂ ਇਲਾਕਿਆਂ ਵਿਚੋਂ ਜੋ ਪਾਣੀ ਕੱਢਿਆ ਜਾਂਦਾ ਸੀ, ਇਹ ਪਾਣੀ ਵੀ ਅੱਗੇ ਨਾ ਜਾ ਸਕਣ ਕਰਕੇ ਘਰਾਂ ਵਿਚ ਵੜ ਜਾਂਦਾ ਸੀ, ਜਿਸ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਇਹ ਮਸਲਾ ਪਿਛਲੇ ਕਈ ਸਾਲਾ ਤੋਂ ਲਟਕਿਆ ਹੋਇਆ ਸੀ ਅਤੇ ਲੋਕਾਂ ਵੱਲੋਂ ਲਗਾਤਾਰ ਦਬਾਅ ਸੀ। ਉਨ੍ਹਾਂ ਕਿਹਾ ਕਿ ਮੈਂ ਇਸ ਮਸਲੇ ਲਈ ਲੰਬੀ ਲੜਾਈ ਲੜੀ। ਇੱਥੋਂ ਤੱਕ ਕਿ ਧਰਨਾ ਦੇਣ ਦਾ ਐਲਾਨ ਵੀ ਕੀਤਾ ਸੀ। ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਸਕੀਮ ਦੇ ਤਹਿਤ ਇਸ ਵੱਡੀ ਪਾਈਪ ਲਾਈਨ ਰਾਹੀਂ ਕੁਦਰਤੀ ਵਹਾਅ ਦਾ ਪਾਣੀ ਵੀ ਨਿਕਲੇਗਾ ਅਤੇ ਟਿਊਬਵੈੱਲਾਂ ਦਾ ਪਾਣੀ ਵੀ, ਜਿਸ ਨਾਲ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਿਰਫ਼ ਸੈਕਟਰ 70–71 ਹੀ ਨਹੀਂ, ਸਗੋਂ “ਫੇਜ਼-7, ਫੇਜ਼-3ਬੀ-2 ਅਤੇ ਮਟੌਰ ਸਮੇਤ ਪੂਰੇ ਇਲਾਕੇ ਦੇ ਲੋਕਾਂ ਲਈ ਰਾਹਤ ਲੈ ਕੇ ਆਵੇਗਾ ਅਤੇ ਸਾਰੇ ਇਲਾਕੇ ਦੇ ਵਸਨੀਕ ਚੈਨ ਦੀ ਨੀਂਦ ਸੌਂ ਸਕਣਗੇ।” ਉਨ੍ਹਾਂ ਨਗਰ ਨਿਗਮ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਈ ਇਤਰਾਜ਼ਾਂ ਅਤੇ ਮਹੀਨਿਆਂ ਦੀ ਦੇਰੀ ਤੋਂ ਬਾਅਦ ਅਫ਼ਸਰਾਂ ਨੇ ਮੇਰੀ ਬੇਨਤੀ ਮੰਨੀ, ਜਿਸ ਨਾਲ ਅੱਜ ਇਹ ਕਾਮਯਾਬੀ ਮਿਲੀ। ਉਨ੍ਹਾਂ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ।