ਕੌਮੀ ਹੜਤਾਲ ਦੇ ਸੱਦੇ ਹੇਠ ਪਾਵਰਕਾਮ ਦਫ਼ਤਰ ਮੂਹਰੇ ਪ੍ਰਦਰਸ਼ਨ, ਬਿਜਲੀ ਬੋਰਡ ਤੇ ਬੈਂਕਾਂ 'ਚ ਕੰਮ ਕਾਰ ਰਿਹਾ ਠੱਪ
ਕੌਮੀ ਹੜਤਾਲ ਦੇ ਸੱਦੇ ਹੇਠ ਪਾਵਰਕਾਮ ਦਫ਼ਤਰ ਮੂਹਰੇ ਪ੍ਰਦਰਸ਼ਨ, ਬਿਜਲੀ ਬੋਰਡ ਤੇ ਬੈਂਕਾਂ 'ਚ ਕੰਮ ਕਾਰ ਰਿਹਾ ਠੱਪ
Publish Date: Thu, 12 Feb 2026 06:22 PM (IST)
Updated Date: Thu, 12 Feb 2026 06:24 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਹੇਠ ਮੰਡਲ ਦਫ਼ਤਰ ਲਾਲੜੂ ਦੇ ਸਾਹਮਣੇ ਪਾਵਰਕਾਮ ਦੀਆਂ ਮੁਲਾਜ਼ਮ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੀ ਰੈਲੀ ਕੀਤੀ ਗਈ। ਇਸ ਦੌਰਾਨ ਜਿੱਥੇ ਬਿਜਲੀ ਬੋਰਡ ਦਾ ਕੰਮ ਕਾਰ ਮੁਕੰਮਲ ਠੱਪ ਰਿਹਾ, ਉੱਥੇ ਹੀ ਬੈਂਕ ਖੁੱਲ੍ਹੇ ਜ਼ਰੂਰ ਰਹੇ ਪਰ ਉੱਥੇ ਕੋਈ ਕੰਮ ਕਾਰ ਨਹੀਂ ਹੋਇਆ। ਰੈਲੀ ’ਚ ਕੇਂਦਰ ਸਰਕਾਰ ਵੱਲੋਂ ਮੁਲਾਜ਼ਮ, ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੇ ਹੋਏ ਚਾਰ ਨਵੇਂ ਬਣੇ ਲੇਬਰ ਕੋਡ ਰੱਦ ਕਰਵਾਉਣ, ਬਿਜਲੀ ਬਿੱਲ 2020, ਬੀਜ ਬਿੱਲ, ਮਨਰੇਗਾ ਦੀ ਥਾਂ ਬਣਾਇਆ ਨਵਾਂ ਵੀਬੀ ਜੀ ਰਾਮ ਜੀ ਕਾਨੂੰਨ ਤੇ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਵਾਉਣ ਦੇ ਨਾਲ-ਨਾਲ ਬਿਜਲੀ ਵਿਭਾਗ ਦੀਆਂ ਕੀਮਤੀ ਜਾਇਦਾਦਾਂ ਵੇਚਣ ਅਤੇ ਹੋਰ ਵੱਖ-ਵੱਖ ਮਸਲਿਆਂ ਸਬੰਧੀ ਬੁਲਾਰਿਆਂ ਵੱਲੋਂ ਜਾਣਕਾਰੀ ਦਿੱਤੀ ਗਈ। ਰੈਲੀ ਨੂੰ ਸੇਵਾਮੁਕਤ ਜੇਈ ਤੇ ਬਿਜਲੀ ਬੋਰਡ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਸੈਣੀ, ਕਿਸਾਨ ਜਥੇਬੰਦੀ ਲਖੋਵਾਲ ਦੇ ਸੂਬਾ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ, ਬਲਾਕ ਪ੍ਰਧਾਨ ਰਣਜੀਤ ਸਿੰਘ ਰਾਣਾ, ਜਗਤਾਰ ਸਿੰਘ ਝਾਰਮੜੀ, ਹਰੀ ਸਿੰਘ ਬੋਹੜਾ, ਸੀਪੀਆਈ (ਐੱਮ) ਮੁਹਾਲੀ ਦੇ ਸਕੱਤਰ ਚੰਦਰਪਾਲ ਅੱਤਰੀ, ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਪ੍ਰਧਾਨ ਮੋਹਨ ਸਿੰਘ ਰਾਣਾ, ਸੀਐੱਚਬੀ ਕਾਮਾ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਸਰਸੀਣੀ ਅਤੇ ਟੀਐੱਸਯੂ ਦੇ ਮੰਡਲ ਪ੍ਰਧਾਨ ਰਾਜੇਸ਼ ਰਾਣਾ, ਜਨਰਲ ਸਕੱਤਰ ਜਸਵਿੰਦਰ ਸਿੰਘ ਆਦਿ ਵੱਲੋਂ ਸੰਬੋਧਤ ਕੀਤਾ ਗਿਆ। ਬੁਲਾਰਿਆਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਜੇਕਰ ਸਰਕਾਰਾਂ ਆਪਣੇ ਅੜੀਅਲ ਰਵੱਈਏ ਤੋਂ ਬਾਜ਼ ਨਹੀਂ ਆਈਆਂ ਅਤੇ ਕਿਸਾਨ/ਮੁਲਾਜ਼ਮ ਵਿਰੋਧੀ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਹੋਰ ਵੀ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਇਸ ਦੌਰਾਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਅਤੇ ਲੋਕਾਂ ਦੀ ਖੱਜਲ-ਖੁਆਰੀ ਦੇ ਨਾਲ-ਨਾਲ ਸ਼ਾਂਤੀ ਅਮਨ ਭੰਗ ਹੋਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ, ਜਿਸ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ।