ਪੀਜੀਆਈ ਤੇ ਹੋਰ ਪ੍ਰਮੁੱਖ ਸ਼ਹਿਰਾਂ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ
ਪੀਜੀਆਈ ਅਤੇ ਹੋਰ ਪ੍ਰਮੁੱਖ ਸ਼ਹਿਰਾਂ ਲਈ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ
Publish Date: Mon, 16 Feb 2026 08:00 PM (IST)
Updated Date: Mon, 16 Feb 2026 08:03 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਇਲਾਕੇ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਤੋਂ ਚੰਡੀਗੜ੍ਹ, ਮੁਹਾਲੀ, ਰਾਜਪੁਰਾ, ਪਟਿਆਲਾ, ਕਾਲਕਾ, ਪਿੰਜੋਰ ਅਤੇ ਬੱਦੀ ਵਰਗੇ ਮਹੱਤਵਪੂਰਨ ਸਥਾਨਾਂ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਸਿੱਧੀ ਸੇਵਾ ਤੁਰੰਤ ਸ਼ੁਰੂ ਕੀਤੀ ਜਾਵੇ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਡੇਰਾਬੱਸੀ ਇੱਕ ਤੇਜ਼ੀ ਨਾਲ ਵਿਕਸਤ ਹੋ ਰਿਹਾ ਉਦਯੋਗਿਕ ਅਤੇ ਰਿਹਾਇਸ਼ੀ ਖੇਤਰ ਹੈ, ਪਰ ਇੱਥੇ ਜਨਤਕ ਆਵਾਜਾਈ ਦੀ ਭਾਰੀ ਕਿੱਲਤ ਹੈ। ਲੋਕਾਂ ਨੇ ਦੱਸਿਆ ਕਿ ਚੰਡੀਗੜ੍ਹ ਪੀਜੀਆਈ ਜਾਣ ਵਾਲੇ ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਸਿੱਧੀ ਬੱਸ ਸੇਵਾ ਨਾ ਹੋਣ ਕਾਰਨ ਨਿੱਜੀ ਟੈਕਸੀਆਂ ਜਾਂ ਥ੍ਰੀ-ਵ੍ਹੀਲਰਾਂ ਦਾ ਸਹਾਰਾ ਲੈਣਾ ਪੈਂਦਾ ਹੈ, ਜੋ ਕਿ ਕਾਫ਼ੀ ਮਹਿੰਗਾ ਪੈਂਦਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਰੋਜ਼ਾਨਾ ਪਟਿਆਲਾ, ਮੁਹਾਲੀ ਅਤੇ ਬੱਦੀ ਜਾਣ ਵਾਲੇ ਵਿਦਿਆਰਥੀਆਂ ਤੇ ਨੌਕਰੀਪੇਸ਼ਾ ਲੋਕਾਂ ਨੂੰ ਬੱਸਾਂ ਬਦਲਣ ਕਾਰਨ ਸਮੇਂ ਅਤੇ ਪੈਸੇ ਦੀ ਖ਼ਰਾਬੀ ਝੱਲਣੀ ਪੈ ਰਹੀ ਹੈ ਕਿਉਂਕਿ ਡੇਰਾਬੱਸੀ ਸ਼ਹਿਰ ਵਿਚ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਆਵਾਜਾਈ ਦੀ ਘਾਟ ਹੈ। ਕਾਲਕਾ, ਪਿੰਜੋਰ ਅਤੇ ਰਾਜਪੁਰਾ ਵਰਗੇ ਰੂਟਾਂ ’ਤੇ ਸਰਕਾਰੀ ਬੱਸਾਂ ਦੀ ਘਾਟ ਕਾਰਨ ਪ੍ਰਾਈਵੇਟ ਬੱਸ ਮਾਲਕਾਂ ਦੀ ਮਨਮਾਨੀ ਚੱਲ ਰਹੀ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਟਿਆਲਾ ਜਾਂ ਮੁਹਾਲੀ ਜਾਣ ਲਈ ਘੰਟਿਆਂਬੱਧੀ ਉਡੀਕ ਕਰਨੀ ਪੈਂਦੀ ਹੈ। ਜੇਕਰ ਸਰਕਾਰੀ ਬੱਸਾਂ ਦੀ ਆਵਾਜਾਈ ਵਧਾਈ ਜਾਵੇ ਤਾਂ ਆਮ ਜਨਤਾ ਨੂੰ ਵੱਡੀ ਰਾਹਤ ਮਿਲੇਗੀ। ਇਲਾਕਾ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਟਰਾਂਸਪੋਰਟ ਮੰਤਰੀ ਲਾਲ ਜੀਤ ਸਿੰਘ ਭੁੱਲਰ ਨੂੰ ਅਪੀਲ ਕੀਤੀ ਹੈ ਕਿ ਡੇਰਾਬੱਸੀ ਬੱਸ ਸਟੈਂਡ ਨੂੰ ਇਕ ਹੱਬ ਵਜੋਂ ਵਿਕਸਤ ਕੀਤਾ ਜਾਵੇ ਅਤੇ ਇੱਥੋਂ ਵੱਖ-ਵੱਖ ਰੂਟਾਂ ਲਈ ਬੱਸਾਂ ਵਧਾਈਆਂ ਜਾਣ ਤਾਂ ਜੋ ਲੋਕਾਂ ਨੂੰ ਸਸਤੀ ਅਤੇ ਸੁਖਾਲੀ ਸਫ਼ਰ ਸਹੂਲਤ ਮਿਲ ਸਕੇ। ਜਦੋਂ ਇਸ ਬਾਰੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਡੇਰਾਬੱਸੀ ਇਲਾਕੇ ਦੇ ਲੋਕਾਂ ਦੀ ਇਸ ਸਮੱਸਿਆ ਦਾ ਵੀ ਹੱਲ ਕਰ ਦਿੱਤਾ ਜਾਵੇਗਾ। ਜਲਦੀ ਹੀ ਡੇਰਾਬੱਸੀ ਤੋਂ ਵੱਖ-ਵੱਖ ਸ਼ਹਿਰਾਂ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਸਰਵਿਸ ਸ਼ੁਰੂ ਕੀਤੀ ਜਾਵੇਗੀ।