ਮੇਅਰ ਦੀ ਅਗਵਾਈ ’ਚ ਵਫ਼ਦ ਡੀਆਈਜੀ ਰੋਪੜ ਰੇਂਜ ਨੂੰ ਮਿਲਿਆ
ਮੇਅਰ ਦੀ ਅਗਵਾਈ ਵਿਚ ਵਫ਼ਦ ਡੀਆਈਜੀ ਰੋਪੜ ਰੇਂਜ ਨੂੰ ਮਿਲਿਆ
Publish Date: Mon, 16 Mar 2026 08:33 PM (IST)
Updated Date: Mon, 16 Mar 2026 08:37 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਵਿਚ ਫੇਜ਼-1 ਇਲਾਕੇ ਅਤੇ ਗੁਰੂ ਨਾਨਕ ਮਾਰਕੀਟ ਨਾਲ ਸਬੰਧਿਤ ਦੁਕਾਨਦਾਰਾਂ, ਮੋਹਤਬਰ ਵਿਅਕਤੀਆਂ ਅਤੇ ਸਮਾਜਿਕ ਜਥੇਬੰਦੀਆਂ ਦੇ ਵਫ਼ਦ ਨੇ ਥਾਣਾ ਫੇਜ਼-1 ਦੇ ਮੁੱਖ ਅਫ਼ਸਰ ਇੰਸਪੈਕਟਰ ਸੁਖਬੀਰ ਸਿੰਘ ਵੱਲੋਂ ਕਥਿਤ ਵਧੀਕੀਆਂ ਅਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਡੀਆਈਜੀ ਰੋਪੜ ਰੇਂਜ ਡਾ. ਨਾਨਕ ਸਿੰਘ ਨਾਲ ਮੁਲਾਕਾਤ ਕਰ ਕੇ ਇਨਸਾਫ਼ ਦੀ ਮੰਗ ਕੀਤੀ। ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਗੁਰੂ ਨਾਨਕ ਮਾਰਕੀਟ ਨਾਲ ਸਬੰਧਿਤ ਇਕ ਮਹਿਲਾ ਦੁਕਾਨਦਾਰ ਨੀਲਮ ਸ਼੍ਰੀਵਾਸਤਵਾ ਨਾਲ 10 ਮਾਰਚ ਨੂੰ ਹੋਈ ਕਥਿਤ ਬਦਸਲੂਕੀ ਦੇ ਮਾਮਲੇ ਵਿਚ ਪੁਲਿਸ ਵੱਲੋਂ ਇਨਸਾਫ਼ ਨਹੀਂ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਗਿਆ ਕਿ ਮਹਿਲਾ ਦੁਕਾਨਦਾਰ ਸ਼ਿਕਾਇਤ ਦੇਣ ਲਈ ਥਾਣੇ ਗਈ ਸੀ, ਪਰ ਉੱਥੇ ਉਸ ਨਾਲ ਅਤੇ ਉਸ ਦੇ ਨਾਲ ਗਏ ਲੋਕਾਂ ਨਾਲ ਬਦਸਲੂਕੀ ਕੀਤੀ ਗਈ। ਇਸ ਘਟਨਾ ਦੇ ਵਿਰੋਧ ਵਿਚ ਵੱਖ-ਵੱਖ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ 11 ਮਾਰਚ ਨੂੰ ਐੱਸਐੱਸਪੀ ਦਫ਼ਤਰ ਮੁਹਾਲੀ ਦੇ ਬਾਹਰ ਧਰਨਾ ਦੇ ਕੇ ਪੁਲਿਸ ਦੀ ਕਾਰਗੁਜ਼ਾਰੀ ਖ਼ਿਲਾਫ਼ ਰੋਸ ਪ੍ਰਗਟ ਕੀਤਾ ਸੀ। ਧਰਨੇ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ ਅਤੇ ਇੰਸਪੈਕਟਰ ਸੁਖਬੀਰ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਇੰਸਪੈਕਟਰ ਸੁਖਬੀਰ ਸਿੰਘ ਵੱਲੋਂ ਲੰਬੇ ਸਮੇਂ ਤੋਂ ਆਮ ਲੋਕਾਂ ਨਾਲ ਧੱਕੇਸ਼ਾਹੀ ਅਤੇ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਹ ਪੁਲਿਸ ਅਧਿਕਾਰੀ ਨਿਯਮਾਂ ਦੇ ਉਲਟ ਜ਼ਿਲ੍ਹਾ ਕਾਡਰ ਵਿਚ ਡਿਊਟੀ ਕਰ ਰਿਹਾ ਹੈ, ਜੋ ਸਰਕਾਰੀ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਇਸ ਮਾਮਲੇ ਨੂੰ ਮਾਣਯੋਗ ਪੰਜਾਬ-ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਲਿਜਾਇਆ ਜਾਵੇਗਾ। ਡੀਆਈਜੀ ਰੋਪੜ ਰੇਂਜ ਨਾਨਕ ਸਿੰਘ ਨੇ ਵਫ਼ਦ ਦੀ ਗੱਲ ਧਿਆਨ ਨਾਲ ਸੁਣਦੇ ਹੋਏ ਭਰੋਸਾ ਦਿੱਤਾ ਕਿ ਮਾਮਲੇ ਵਿਚ ਨਿਰਪੱਖ ਜਾਂਚ ਕਰਵਾ ਕੇ ਇਨਸਾਫ਼ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਲਈ ਰੋਪੜ ਜ਼ਿਲ੍ਹੇ ਦੇ ਐੱਸਐੱਸਪੀ ਨੂੰ ਮਾਰਕ ਕਰ ਕੇ ਅਗਲੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ। ਵਫ਼ਦ ਵਿਚ ਗੁਰੂ ਨਾਨਕ ਮਾਰਕੀਟ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਰਿੰਕੂ, ਵਿਸ਼ਾਲ ਅਰੋੜਾ, ਯਸ਼ ਚੋਪੜਾ ਸਾਬਕਾ ਪ੍ਰਧਾਨ ਪੀਟੀਐੱਲ, ਅਸ਼ੋਕ ਕੌਂਡਲ, ਪਰਵਿੰਦਰ ਸਿੰਘ ਕਾਕਾ ਚੇਅਰਮੈਨ ਮਾਰਕੀਟ ਕਮੇਟੀ, ਜਸਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਮੁਹਾਲੀ, ਅਸ਼ਵਨੀ ਮਹਾਜਨ, ਮਨਜੀਤ ਸੋਹਾਣਾ, ਬਹਾਦਰ ਸਿੰਘ, ਸ਼ਾਮ ਸਿੰਘ, ਵਿਜੇਪਾਲ, ਸਮਸ਼ੇਰ ਸਿੰਘ, ਨੀਲਮ ਸ਼੍ਰੀਵਾਸਤਵਾ ਅਤੇ ਸੀਮਾ ਦੇਵੀ ਸਮੇਤ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਸ਼ਾਮਲ ਸਨ।