ਚੰਡੀਗੜ੍ਹ ਯੂਨੀਵਰਸਿਟੀ ਦੇ 363 ਵਿਦਿਅਰਥੀਆਂ ਨੂੰ ਵੰਡੀਆਂ ਡਿਗਰੀਆਂ
ਚੰਡੀਗੜ੍ਹ ਯੂਨੀਵਰਸਿਟੀ ਦੇ 363 ਵਿਦਿਅਰਥੀਆਂ ਨੂੰ ਵੰਡੀਆਂ ਡਿਗਰੀਆਂ
Publish Date: Sun, 07 Jun 2026 08:16 PM (IST)
Updated Date: Sun, 07 Jun 2026 08:17 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸੀਯੂ ਆਨਲਾਈਨ ਅਤੇ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੀ 8ਵੀਂ ਸਾਲਾਨਾ ਕਨਵੋਕੇਸ਼ਨ ਕਰਵਾਈ ਗਈ। ਕਨਵੋਕੇਸ਼ਨ ਦੌਰਾਨ ਦੇਸ਼ ਭਰ ਦੇ 363 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਖ਼ਾਸ ਮੌਕੇ ’ਤੇ ਵਿਦਿਆਰਥੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਯੂਨੀਵਰਸਿਟੀ ਦੇ ਫੈਕਲਟੀ ਮੈਂਬਰ, ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਅਤੇ ਉੱਚ ਅਧਿਕਾਰੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। 19 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿਚ 214 ਲੜਕੇ ਅਤੇ 149 ਲੜਕੀਆਂ ਸ਼ਾਮਲ ਸਨ। ਕੁੱਲ ਵੰਡੀਆਂ ਗਈਆਂ ਡਿਗਰੀਆਂ ਵਿਚੋਂ 330 ਪੋਸਟ-ਗ੍ਰੈਜੂਏਟ ਡਿਗਰੀਆਂ ਅਤੇ 33 ਅੰਡਰ-ਗ੍ਰੈਜੂਏਟ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਹ ਡਿਗਰੀਆਂ ਹਾਸਲ ਕਰਨ ਵਾਲੇ ਗ੍ਰੈਜੂਏਟਸ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਆਨਲਾਈਨ ਲਰਨਿੰਗ ਅਤੇ ਓਪਨ ਐਂਡ ਡਿਸਐਂਸ ਲਰਨਿੰਗ ਦੋਵਾਂ ਪ੍ਰੋਗਰਾਮਾਂ ਨਾਲ ਸਬੰਧਤ ਸਨ। ਪੀਡਬਲਯੂਸੀ ਇੰਡੀਆ ਦੇ ਸੀਨੀਅਰ ਡਾਇਰੈਕਟਰ ਸੰਜੀਵ ਪਾਰਕਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਰਵੀਰਾਜਾ ਐੱਨ ਸੀਤਾਰਾਮ, ਪ੍ਰੋ. ਵਾਈਸ ਚਾਂਸਲਰ (ਆਪ੍ਰੇਸ਼ਨਜ਼) ਅਤੇ ਰਜਿਸਟਰਾਰ ਪ੍ਰੋ. ਡਾ. ਐੱਸਐੱਸ ਸਹਿਗਲ ਅਤੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੇ ਡਾਇਰੈਕਟਰ ਪ੍ਰੋ. ਡਾ. ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ। ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਪੀਡਬਲਯੂਸੀ ਨਾਲ ਆਨਲਾਈਨ ਐੱਮਬੀਏ ਦਾ ਕੋਰਸ ਸ਼ੁਰੂ ਕਰਨ ਲਈ ਐੱਮਓਯੂ ਵੀ ਕੀਤਾ ਗਿਆ। ਪੀਡਬਲਯੂਸੀ ਨਾਲ ਇਹ ਆਨਲਾਈਨ ਕੋਰਸ ਸ਼ੁਰੂ ਕਰਨ ਵਾਲੀ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ। ਪੀਡਬਲਯੂਸੀ (ਪ੍ਰਾਈਜ਼ਵਾਟਰਹਾਊਸਕੂਪਰਸ) ਦੁਨੀਆ ਦੀਆਂ ਸਭ ਤੋਂ ਵੱਡੀਆਂ ਚਾਰ ਕੰਪਨੀਆਂ ਵਿਚ ਸ਼ੁਮਾਰ ਹੈ। ਲੰਡਨ, ਇੰਗਲੈਂਡ ਦੀ ਇਹ ਕੰਪਨੀ 140 ਤੋਂ ਵੱਧ ਦੇਸ਼ਾਂ ਵਿਚ ਕੰਮ ਕਰ ਰਹੀ ਹੈ, ਜਿੱਥੇ ਇਸ ਦੇ ਲੱਖਾਂ ਕਰਮਚਾਰੀ ਤਾਇਨਾਤ ਹਨ। ਪ੍ਰੋਸਟ-ਗ੍ਰੈਜੂਏਟ ਪ੍ਰੋਗਰਾਮਾਂ ਦੇ ਤਹਿਤ 210 ਵਿਦਿਆਰਥੀਆਂ ਨੂੰ ਮਾਸਟਰ ਆਫ਼ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਦੀ ਡਿਗਰੀ, 78 ਵਿਦਿਆਰਥੀਆਂ ਨੂੰ ਮਾਸਟਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ ਦੀ ਡਿਗਰੀ, 23 ਵਿਦਿਆਰਥੀਆਂ ਨੂੰ ਮਾਸਟਰ ਆਫ਼ ਸਾਇੰਸ (ਡਾਟਾ ਸਾਇੰਸ) ਦੀ ਡਿਗਰੀ ਅਤੇ 9 ਵਿਦਿਆਰਥੀਆਂ ਨੂੰ ਮਾਸਟਰ ਆਫ਼ ਸਾਇੰਸ ਦੀ ਡਿਗਰੀ ਪ੍ਰਦਾਨ ਕੀਤੀ ਗਈ। ਨਾਲ ਹੀ, ਪੰਜ ਵਿਦਿਆਰਥੀਆ ਨੂੰ ਮਾਸਟਰ ਆਫ਼ ਆਰਟਸ, ਤਿੰਨ ਵਿਦਿਆਰਥੀਆਂ ਨੂੰ ਮਾਸਟਰ ਆਫ਼ ਆਰਟਸ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਅਤੇ ਦੋ-ਦੋ ਵਿਦਿਆਰਥੀਆਂ ਨੂੰ ਮਾਸਟਰ ਆਫ਼ ਆਰਟਸ ਦੀਆਂ ਡਿਗਰੀਆਂ ਦਿੱਤੀਆਂ। ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ਦੇ ਤਹਿਤ 19 ਵਿਦਿਆਰਥੀਆਂ ਨੂੰ ਬੈਚਲਰ ਆਫ਼ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ (ਬੀਬੀਏ) ਦੀ ਡਿਗਰੀ, 12 ਵਿਦਿਆਰਥੀਆਂ ਨੂੰ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨ (ਬੀਸੀਏ) ਦੀ ਡਿਗਰੀ ਅਤੇ ਦੋ ਵਿਦਿਆਰਥੀਆਂ ਨੂੰ ਬੈਚਲਰ ਆਫ਼ ਆਰਟਸ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਪ੍ਰਦਾਨ ਕੀਤੀ ਗਈ। ਮੁੱਖ ਮਹਿਮਾਨ ਸੰਜੀਵ ਪਾਰਕਰ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਉੱਭਰਦੀਆਂ ਤਕਨਾਲੋਜੀਆਂ ਦੇ ਲਗਪਗ ਹਰ ਖੇਤਰ ਵਿਚ ਆਉਣ ਨਾਲ ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਦੀਆਂ ਨੌਕਰੀਆਂ ਚਲੀਆਂ ਜਾਣਗੀਆਂ, ਪਰ ਅਜਿਹਾ ਨਹੀਂ ਹੈ। ਅਸਲ ਵਿਚ ਇਹ ਸਿੱਖਣ ਵਾਲੇ ਨੌਜਵਾਨਾਂ ਲਈ ਦੁਨੀਆ ਭਰ ਵਿੱਚ ਹੋਰ ਵੀ ਨਵੇਂ ਮੌਕੇ ਪੈਦਾ ਕਰਨ ਜਾ ਰਿਹਾ ਹੈ ਜੋ ਖੁਦ ਨੂੰ ਸਮੇਂ ਦੇ ਮੁਤਾਬਕ ਢਾਲਦੇ ਹਨ ਅਤੇ ਆਪਣੇ ਹੁਨਰ ਨੂੰ ਨਿਖਾਰਦੇ ਹਨ। ਭਾਰਤ ਵਿਚ ਭਵਿੱਖ ਦੀ ਤਿਆਰੀ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਯੂਨੀਵਰਸਿਟੀਆਂ ਅਤੇ ਉਦਯੋਗ ਮਿਲ ਕੇ ਵਿਦਿਆਰਥੀਆਂ ਨੂੰ ਏਆਈ-ਸਮਰੱਥ ਯੋਗਤਾਵਾਂ ਅਤੇ ਇਸ ਤਕਨਾਲੋਜੀ ਦੇ ਦੌਰ ਵਿਚ ਸਫ਼ਲ ਹੋਣ ਲਈ ਲੋੜੀਂਦੇ ਹੁਨਰ ਨਾਲ ਲੈਸ ਕਰ ਰਹੇ ਹਨ। ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਵੀਰਾਜਾ ਐੱਨ. ਸੀਤਾਰਾਮ ਨੇ ਕਿਹਾ ਆਪਣੀਆਂ ਪੇਸ਼ੇਵਰ ਅਤੇ ਨਿੱਜੀ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਆਨਲਾਈਨ ਸਿੱਖਿਆ ਰਾਹੀਂ ਡਿਗਰੀ ਹਾਸਲ ਕਰਨਾ ਆਸਾਨ ਨਹੀਂ ਹੁੰਦਾ। ਚੰਡੀਗੜ੍ਹ ਯੂਨੀਵਰਸਿਟੀ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿਚ ਮਿਆਰੀ ਸਿੱਖਿਆ ਪ੍ਰਦਾਨ ਕਰਕੇ ’ਫਿਊਚਰ ਰੈਡੀ ਪ੍ਰੋਫੈਸ਼ਨਲ’ ਵਜੋਂ ਤਿਆਰ ਕਰ ਰਹੀ ਹੈ। ਚੰਡੀਗੜ੍ਹ ਯੂਨੀਵਰਸਿਟੀ ਦਾ ਉਦੇਸ਼ ਸਿਰਫ਼ ਡਿਗਰੀ ਪ੍ਰਦਾਨ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਅਸਲ ਦੁਨੀਆ ਦੀਆਂ ਚੁਣੌਤੀਆਂ ਲਈ ਤਿਆਰ ਕਰਨਾ ਹੈ। ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਜ਼ਿੰਦਗੀ ਦੇ ਹਰ ਖੇਤਰ ਵਿਚ ਪ੍ਰਵੇਸ਼ ਕਰ ਰਹੀ ਹੈ, ਅਜਿਹੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਸਿੱਖਿਆ, ਖੋਜ, ਅੰਤਰਰਾਸ਼ਟਰੀਕਰਨ, ਆਊਟਰੀਚ ਗਤੀਵਿਧੀਆਂ ਅਤੇ ਕੈਂਪਸ ਪ੍ਰਸ਼ਾਸਨ ਦੇ ਹਰ ਖੇਤਰ ਨੂੰ ਅਪਣਾਉਣ ਵਾਲੇ ਭਾਰਤ ਦੇ ਮੋਹਰੀ ਅਦਾਰਿਆਂ ਵਿਚ ਸ਼ਾਮਲ ਹੈ। ਕਨਵੋਕੇਸ਼ਨ ’ਚ ਆਨਲਾਈਨ ਸਿੱਖਿਆ ਦੇ ਸਰਬਪੱਖੀ ਰੂਪ ਨੂੰ ਉਜਾਗਰ ਕੀਤਾ ਗਿਆ, ਜਿਸ ਨੇ ਵੱਖ-ਵੱਖ ਪਿਛੋਕੜਾਂ ਅਤੇ ਉਮਰ ਦੇ ਲੋਕਾਂ ਨੂੰ ਸ਼ਾਮਲ ਕੀਤਾ। ਗ੍ਰੈਜੂਏਟ ਹੋਣ ਵਾਲਿਆਂ ਵਿਚ 63 ਸਾਲਾ ਸੇਵਾਮੁਕਤ (ਰਿਟਾਇਰਡ) ਪ੍ਰੋਫੈਸ਼ਨਲ ਵੀ ਸ਼ਾਮਲ ਸਨ, ਜਿਨ੍ਹਾਂ ਨੇ ਐੱਮਐੱਸਸੀ ਡਾਟਾ ਸਾਇੰਸ ਵਿਚ ਡਿਗਰੀ ਹਾਸਲ ਕੀਤੀ। ਇਸ ਪ੍ਰੋਗਰਾਮ ਵਿਚ ਘਰੇਲੂ ਔਰਤਾਂ ਵੀ ਸ਼ਾਮਲ ਹੋਈਆਂ, ਜਿਨ੍ਹਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਤੇ ਉੱਚ ਸਿੱਖਿਆ ਦੇ ਵਿਚਕਾਰ ਸਫ਼ਲਤਾਪੂਰਵਕ ਸੰਤੁਲਨ ਬਣਾਇਆ ਹੈ।