ਅਕਾਲੀ ਦਲ ਨੇ ਇਸਤਰੀਆਂ ਨੂੰ ਦਿੱਤੇ ਅਹਿਮ ਅਹੁਦੇ
ਮਹਿਲਾ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਨੇ ਇਸਤਰੀਆਂ ਨੂੰ ਦਿੱਤੇ ਅਹਿਮ ਅਹੁਦੇ
Publish Date: Sat, 07 Mar 2026 06:33 PM (IST)
Updated Date: Sun, 08 Mar 2026 04:12 AM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਮੁਹਾਲੀ ਵੱਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮੁਹਾਲੀ ਜ਼ਿਲ੍ਹੇ ਦੀਆਂ ਮਹਿਲਾ ਅਕਾਲੀ ਆਗੂਆਂ ਨੂੰ ਨਿਯੁਕਤੀ ਪੱਤਰ ਸੌਪੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਲਗਭਗ 100 ਦੇ ਕਰੀਬ ਮਹਿਲਾ ਆਗੂਆਂ ਨੂੰ ਪਾਰਟੀ ਦੇ ਵੱਖ-ਵੱਖ ਅਹੁਦੇ ਸੌਪ ਕੇ ਉਨ੍ਹਾਂ ਨੂੰ ਪਾਰਟੀ ਮਜ਼ਬੂਤ ਕਰਨ ਲਈ ਜ਼ਿੰਮੇਵਾਰੀਆਂ ਦਿੱਤੀਆਂ। ਪਰਵਿੰਦਰ ਸਿੰਘ ਸੋਹਾਣਾ ਨੇ ਸਭ ਤੋਂ ਪਹਿਲਾਂ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਵਿਚ ਮਹਿਲਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਤੇ ਅੱਜ ਪਾਰਟੀ ਵੱਲੋਂ ਮਹਿਲਾਵਾਂ ਨੂੰ ਸੰਗਠਨ ਵਿਚ ਅਹਿਮ ਜ਼ਿੰਮੇਵਾਰੀਆਂ ਦੇ ਕੇ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁਹਾਲੀ ਹਲਕੇ ਵਿਚ ਇਕ ਪਰਿਵਾਰ ਵਾਂਗ ਕੰਮ ਕਰ ਰਿਹਾ ਹੈ ਅਤੇ ਮਹਿਲਾ ਵਰਕਰ ਇਸ ਪਰਿਵਾਰ ਦੀ ਮਜ਼ਬੂਤ ਕੜੀ ਹਨ। ਉਨ੍ਹਾਂ ਦੱਸਿਆ ਕਿ ਮਹਿਲਾ ਆਗੂਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ ਅਤੇ ਹਰ ਬੂਥ ’ਤੇ ਪੰਜ ਤੋਂ ਦਸ ਮੈਂਬਰੀ ਮਹਿਲਾ ਟੀਮਾਂ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਯੂਥ ਅਕਾਲੀ ਦਲ ਅਤੇ ਹੋਰ ਵਿੰਗਾਂ ਨਾਲ ਮਿਲ ਕੇ ਮਹਿਲਾ ਵਰਕਰ ਚੋਣਾਂ ਦੀ ਤਿਆਰੀ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। ਇਸ ਮੌਕੇ ਉਨ੍ਹਾਂ ਮੁਹਾਲੀ ਸ਼ਹਿਰ ਦੇ ਮੌਜੂਦਾ ਹਾਲਾਤਾਂ ’ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿਚ ਕਾਂਗਰਸ ਅਤੇ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਾਰਨ ਤਾਲਮੇਲ ਦੀ ਕਮੀ ਦਿਖਾਈ ਦੇ ਰਹੀ ਹੈ, ਜਿਸ ਦਾ ਨੁਕਸਾਨ ਸ਼ਹਿਰ ਦੇ ਵਿਕਾਸ ਨੂੰ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਨਿਗਮ ਅਤੇ ਗਮਾਡਾ ਵਿਚ ਭ੍ਰਿਸ਼ਟਾਚਾਰ ਵੱਧ ਰਿਹਾ ਹੈ ਅਤੇ ਆਮ ਲੋਕਾਂ ਨੂੰ ਛੋਟੇ-ਛੋਟੇ ਕੰਮਾਂ ਲਈ ਵੀ ਪਰੇਸ਼ਾਨ ਹੋਣਾ ਪੈ ਰਿਹਾ ਹੈ। ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਮੁਹਾਲੀ ਵਿਚ ਇੰਟਰਨੈਸ਼ਨਲ ਏਅਰਪੋਰਟ, ਮਾਈ ਭਾਗੋ ਇੰਸਟੀਚਿਊਟ, ਮਹਾਰਾਜਾ ਰਣਜੀਤ ਸਿੰਘ ਅਕੈਡਮੀ, ਏਸੀ ਬੱਸ ਸਟੈਂਡ ਅਤੇ ਕਈ ਹੋਰ ਵਿਕਾਸੀ ਪ੍ਰੋਜੈਕਟ ਲਿਆਂਦੇ ਗਏ ਸਨ ਪਰ ਅੱਜ ਸ਼ਹਿਰ ਦੀ ਸਫ਼ਾਈ ਅਤੇ ਬੁਨਿਆਦੀ ਸੁਵਿਧਾਵਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਅਪ੍ਰੈਲ ਮਹੀਨੇ ਵਿਚ ਨਗਰ ਨਿਗਮ ਚੋਣਾਂ ਹੁੰਦੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਮੁੱਦੇ ’ਤੇ ਚੋਣ ਮੈਦਾਨ ਵਿਚ ਉਤਰੇਗਾ ਤੇ ਮੁਹਾਲੀ ਦੇ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਬਾਕਸ : ਮਹਿਲਾ ਦਿਵਸ ’ਤੇ 100 ਮਹਿਲਾ ਆਗੂਆਂ ਨੂੰ ਮਿਲੇ ਅਹੁਦੇ : ਮੁਹਾਲੀ ਜ਼ਿਲ੍ਹੇ ਦੀਆਂ ਲਗਭਗ 100 ਮਹਿਲਾਵਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਦੋ ਦਿਨਾਂ ਵਿਚ ਪੂਰੇ ਹਲਕੇ ਵਿਚ ਜ਼ਿੰਮੇਵਾਰੀਆਂ ਦੀ ਵੰਡ ਕਰ ਦਿੱਤੀ ਜਾਵੇਗੀ।। ਹਰ ਬੂਥ ’ਤੇ 5 ਤੋਂ 10 ਮੈਂਬਰੀ ਮਹਿਲਾ ਟੀਮ ਬਣੇਗੀ। ਸੋਹਾਣਾ ਨੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼ : ਨਗਰ ਨਿਗਮ ਤੇ ਗਮਾਡਾ ਵਿਚ ਭ੍ਰਿਸ਼ਟਾਚਾਰ ਦਾ ਦਾਅਵਾ ਕਰਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਆਮ ਲੋਕਾਂ ਨੂੰ ਕੰਮ ਲਈ ਦੇਣੇ ਪੈਂਦੇ ਨੇ ਵੱਧ ਪੈਸੇ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਵਿਕਾਸ ’ਤੇ ਲਗਾਤਾਰ ਖੜੌਤ ਆ ਰਹੀ ਹੈ, ਜਿਸ ਲਈ ਵਿਧਾਇਕ ਅਤੇ ਮੇਅਰ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਵਿਚ ਬਰਾਬਰ ਤਾਲਮੇਲ ਹੈ ਤੇ ਇਕ ਵਾਰ ਇਕ ਬੰਦਾ ਐੱਮਐੱਲਏ ਬਣ ਜਾਂਦਾ ਹੈ, ਦੂਜਾ ਮੇਅਰ ਤੇ ਦੂਜੀ ਵਾਰ ਦੂਜਾ ਬੰਦਾ ਐੱਮਐੱਲਏ ਬਣ ਜਾਂਦਾ ਹੈ ਤੇ ਪਹਿਲਾ ਮੇਅਰ, ਇਸ ਤਰ੍ਹਾਂ ਇਹ ਆਪਸ ਵਿਚ ਅਹੁਦਿਆਂ ਦੀ ਵੰਡ ਕਰਦੇ ਰਹਿੰਦੇ ਹਨ। ਇਸ ਮੌਕੇ ਬੀਬੀ ਸਤਵੰਤ ਕੌਰ ਜੋਹਲ, ਬੀਬੀ ਜਤਿੰਦਰ ਕੌਰ ਲੰਬਿਆਂ, ਹਰਜਿੰਦਰ ਕੌਰ ਐੱਮਸੀ, ਨਿਰਮਲ ਕੌਰ ਢਿੱਲੋਂ ਐੱਮਸੀ, ਸਤਵਿੰਦਰ ਕੌਰ ਧੜਾਕ, ਕੋਮਲ ਸ਼ਰਮਾ ਸੰਭਾਲਕੀ, ਲਾਲਜੀਤ ਕੌਰ, ਕੁਲਵਿੰਦਰ ਕੌਰ ਤੰਗੋਰੀ, ਸੁਸ਼ਮਾ ਚੌਧਰੀ, ਪ੍ਰੀਤ ਕੌਰ, ਮੋਨਾ ਸਿੰਘ, ਵਰਿੰਦਰ ਕੌਰ, ਕੁਲਵਿੰਦਰ ਕੌਰ, ਜਸਬੀਰ ਕੌਰ, ਭੁਪਿੰਦਰ ਕੌਰ, ਅੰਜੂ ਤੜੋਲੀ, ਵਿਸਾਲੀ, ਕਵਿਤਾ ਸਮੇਤ ਭਾਰੀ ਗਿਣਤੀ ’ਚ ਬੀਬੀਆਂ ਹਾਜ਼ਰ ਸਨ।