ਪੰਚਾਇਤੀ ਜ਼ਮੀਨਾਂ ਦੇ ਰਸਤੇ ਵੇਚਣ ਦਾ ਫ਼ੈਸਲਾ ਜ਼ਿਮੀਦਾਰਾਂ ਦੇ ਹੱਕਾਂ ’ਤੇ ਡਾਕਾ
ਪੰਚਾਇਤੀ ਜ਼ਮੀਨਾਂ ਦੇ ਰਸਤੇ ਵੇਚਣ ਦਾ ਫ਼ੈਸਲਾ ਜ਼ਿਮੀਦਾਰਾਂ ਦੇ ਹੱਕਾਂ ’ਤੇ ਡਾਕਾ : ਪਰਵਿੰਦਰ ਸੋਹਾਣਾ
Publish Date: Sat, 03 Jan 2026 07:06 PM (IST)
Updated Date: Sat, 03 Jan 2026 07:08 PM (IST)

ਵੱਡੀ ਠੱਗੀ ਮਾਰ ਰਹੀ ਪੰਜਾਬ ਸਰਕਾਰ : ਪਰਵਿੰਦਰ ਸਿੰਘ ਸੋਹਾਣਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਹੈ ਕਿ ਸਰਕਾਰ ਦਾ ਪੰਚਾਇਤੀ ਜ਼ਮੀਨਾਂ ’ਚ ਆਉਂਦੇ ਰਸਤੇ, ਗੋਹਰ, ਨਾਲ਼ੇ ਵੇਚਣ ਲਈ ਪੋਰਟਲ ਜਾਰੀ ਕਰਨ ਦਾ ਫ਼ੈਸਲਾ ਲੋਕ ਵਿਰੋਧੀ ਅਤੇ ਜ਼ਿਮੀਦਾਰਾਂ ਨਾਲ ਖੁੱਲ੍ਹੀ ਲੁੱਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੈਗਾ ਪ੍ਰਾਜੈਕਟਾਂ ਹੇਠ ਆਉਂਦੇ ਪਿੰਡਾਂ ਦੀ ਪੰਚਾਇਤੀ ਤੇ ਮੁਸਤਰਕਾ ਮਾਲਕਾਨਾ ਜ਼ਮੀਨ ’ਚ ਸ਼ਾਮਲ ਰਸਤਿਆਂ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ। ਇਹ ਉਹੀ ਪਿੰਡ ਹਨ, ਜਿਨ੍ਹਾਂ ਨੂੰ ਸਰਕਾਰ ਨੇ ਜਲਦਬਾਜ਼ੀ ਵਿਚ ਨਗਰ ਨਿਗਮ ’ਚ ਸ਼ਾਮਲ ਕੀਤਾ ਅਤੇ 15-20 ਦਿਨਾਂ ਦੇ ਅੰਦਰ ਹੀ ਉਨ੍ਹਾਂ ਦੀ ਜ਼ਮੀਨ ’ਤੇ ਹੱਥ ਮਾਰਨ ਦੀ ਯੋਜਨਾ ਵੀ ਬਣਾ ਲਈ ਗਈ। ਸੋਹਾਣਾ ਨੇ ਕਿਹਾ ਕਿ ਲਖਨੌਰ, ਚਿੱਲਾ, ਸੁਖਗੜ੍ਹ, ਨਾਨੋ ਮਾਜਰਾ, ਸੰਭਾਲਕੀ, ਬਲੌਂਗੀ, ਬਲੋਮਾਜਰਾ, ਬਲਿਆਲੀ ਦੋਵੇਂ ਚੱਪੜਚਿੜੀਆਂ ਸਮੇਤ ਕਈ ਪਿੰਡਾਂ ਦੀ ਇਹ ਜ਼ਮੀਨ ਪਿੰਡ ਦੇ ਜ਼ਿਮੀਦਾਰਾਂ ਅਤੇ ਖੇਵਟਦਾਰਾਂ ਦੀ ਆਪਣੀ ਜ਼ਮੀਨ ਹੈ, ਕਿਉਂਕਿ ਇਹ ਮੁਸਤਰਕਾ ਮਾਲਕ ਦੇ ਅਧੀਨ ਆਉਂਦੀ ਹੈ। ਸਰਕਾਰ ਵੱਲੋਂ ਰਸਤਿਆਂ ਦੀ ਵਿਕਰੀ ਤੋਂ ਮਿਲਣ ਵਾਲੀ ਰਕਮ ਦਾ 50 ਫ਼ੀਸਦੀ ਹਿੱਸਾ ਪੰਜਾਬ ਸਰਕਾਰ ਤੇ 50 ਫ਼ੀਸਦੀ ਕਾਰਪੋਰੇਸ਼ਨ ਨੂੰ ਦਿੱਤਾ ਜਾਣਾ, ਜ਼ਿਮੀਦਾਰਾਂ ਨਾਲ ਸਿੱਧੀ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਹੋਰ ਵੱਡਾ ਧੱਕਾ ਇਹ ਹੈ ਕਿ ਜ਼ਮੀਨ ਦੀ ਕੀਮਤ ਰਿਜ਼ਰਵ ਪ੍ਰਾਈਸ ਤੋਂ ਸਿਰਫ਼ ਚਾਰ ਗੁਣਾ ਤੈਅ ਕੀਤੀ ਜਾ ਰਹੀ ਹੈ, ਜਦਕਿ ਹਕੀਕਤ ਵਿਚ ਇਨ੍ਹਾਂ ਇਲਾਕਿਆਂ ਵਿਚ ਜ਼ਮੀਨ 15 ਤੋਂ 20 ਕਰੋੜ ਰੁਪਏ ਪ੍ਰਤੀ ਏਕੜ ਤੱਕ ਵਿਕ ਰਹੀ ਹੈ। ਇਸ ਨਾਲ ਸਰਕਾਰ ਸਿੱਧੇ ਤੌਰ ’ਤੇ ਬਿਲਡਰ ਮਾਫ਼ੀਆ ਨੂੰ ਫਾਇਦਾ ਪਹੁੰਚਾ ਕੇ ਜ਼ਿਮੀਦਾਰਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਇਹ ਪੈਸਾ ਲੋਕਾਂ ਦੀ ਆਪਣੀ ਜ਼ਮੀਨ ਦਾ ਹੈ, ਜੋ ਸਰਕਾਰ ਦਿੱਲੀ ਦੇ ਹਾਕਮਾਂ ਤੱਕ ਪਹੁੰਚਾਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਹਲਕੇ ਦੇ ਲੋਕਾਂ ਨਾਲ ਇਹ ਠੱਗੀ ਕਿਸੇ ਵੀ ਕੀਮਤ ’ਤੇ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਜ਼ਿਮੀਦਾਰਾਂ, ਖੇਵਟਦਾਰਾਂ ਅਤੇ ਇਲਾਕੇ ਦੇ ਸਮੂਹ ਲੋਕਾਂ ਨੂੰ ਲੈ ਕੇ ਇਸ ਲੋਕ ਵਿਰੋਧੀ ਫ਼ੈਸਲੇ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ।