ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਦੀ ਡੀਸੀ ਵੱਲੋਂ ਸਮੀਖਿਆ
ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਦੀ ਡੀਸੀ ਵੱਲੋਂ ਸਮੀਖਿਆ,
Publish Date: Mon, 05 Jan 2026 05:19 PM (IST)
Updated Date: Mon, 05 Jan 2026 05:20 PM (IST)

- ਕੈਬਨਿਟ ਮੰਤਰੀ ਮੋਹਿੰਦਰ ਭਗਤ ਲਹਿਰਾਉਣਗੇ ਕੌਮੀ ਝੰਡਾ ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸੋਮਵਾਰ ਨੂੰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰ ਕੇ 26 ਜਨਵਰੀ ਨੂੰ ਸ਼ਹੀਦ ਮੇਜਰ (ਸ਼ੌਰਿਆ ਚਕਰ) ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਫੇਜ਼-6, ਮੁਹਾਲੀ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਮਾਰਚ ਪਾਸਟ, ਸੱਭਿਆਚਾਰਕ ਪ੍ਰੋਗਰਾਮ, ਝਾਂਕੀਆਂ, ਮੈਡੀਕਲ ਸਹਾਇਤਾ, ਸਫ਼ਾਈ, ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਆਦਿ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ। ਉਨ੍ਹਾਂ ਨੇ ਸਮਾਰੋਹ ਦੇ ਸੁਚੱਜੇ ਅਤੇ ਗੌਰਵਮਈ ਪ੍ਰੋਗਰਾਮ ਲਈ ਆਪਸੀ ਤਾਲਮੇਲ ਅਤੇ ਸੁਚੱਜੀ ਯੋਜਨਾਬੰਦੀ ’ਤੇ ਜ਼ੋਰ ਦਿੱਤਾ। ਮਿੱਤਲ ਨੇ ਦੱਸਿਆ ਕਿ ਗਣਤੰਤਰ ਦਿਵਸ ਦੀਆਂ ਅੰਤਿਮ ਰਿਹਰਸਲਾਂ 19, 21, 22 ਅਤੇ 24 ਜਨਵਰੀ ਨੂੰ ਸਰਕਾਰੀ ਕਾਲਜ ਵਿਖੇ ਕਰਵਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਸੁਤੰਤਰਤਾ ਸੰਗਰਾਮੀ, ਰੱਖਿਆ ਸੇਵਾਵਾਂ ਭਲਾਈ ਅਤੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਪੂਰੀ ਲਗਨ ਅਤੇ ਜ਼ਿੰਮੇਵਾਰੀ ਨਾਲ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਰਾਸ਼ਟਰੀ ਤਿਉਹਾਰ ਦੀ ਮਰਿਆਦਾ ਅਤੇ ਗੌਰਵ ਕਾਇਮ ਰਹੇ। ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਖੇ ਹੋਈ ਇਸ ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਅਤੇ ਗੀਤਿਕਾ ਸਿੰਘ, ਉਪ ਮੰਡਲ ਮੈਜਿਸਟ੍ਰੇਟ ਦਮਨਦੀਪ ਕੌਰ, ਮੁੱਖ ਮੰਤਰੀ ਫੀਲਡ ਅਫ਼ਸਰ ਗੁਰਮੀਤ ਸਿੰਘ, ਸਕੱਤਰ ਆਰਟੀਏ ਰਾਜਪਾਲ ਸਿੰਘ, ਏਸੀਏ ਗਮਾਡਾ ਅਮਰਿੰਦਰ ਸਿੰਘ ਮੱਲ੍ਹੀ ਸਮੇਤ ਹੋਰ ਸਬੰਧਤ ਅਧਿਕਾਰੀ ਆਦਿ ਹਾਜ਼ਰ ਸਨ।