ਡੀਸੀ ਅਤੇ ਸੰਯੁਕਤ ਸੀਈਓ ਨੇ ਵੋਟਰ ਪ੍ਰੀ-ਮੈਪਿੰਗ ਮੁਹਿੰਮ ਦਾ ਲਿਆ ਜਾਇਜ਼ਾ
ਡੀਸੀ ਅਤੇ ਸੰਯੁਕਤ ਸੀਈਓ ਨੇ ਵੋਟਰ ਪ੍ਰੀ-ਮੈਪਿੰਗ ਮੁਹਿੰਮ ਦਾ ਲਿਆ ਜਾਇਜ਼ਾ
Publish Date: Sun, 07 Jun 2026 09:10 PM (IST)
Updated Date: Sun, 07 Jun 2026 09:11 PM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਨੇ ਐਤਵਾਰ ਨੂੰ ਪਿੰਡ ਬਲੌਂਗੀ, ਪੈਰਾਗਾਨ ਸਕੂਲ ਸੈਕਟਰ-71 ਅਤੇ ਮਿਲੇਨੀਅਮ ਸਕੂਲ ਫੇਜ਼-5, ਮੁਹਾਲੀ ਵਿਖੇ ਪੋਲਿੰਗ ਬੂਥਾਂ ਦਾ ਦੌਰਾ ਕਰਕੇ 25 ਜੂਨ ਤੋਂ ਸ਼ੁਰੂ ਹੋਣ ਵਾਲੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ)-2026 ਦੀਆਂ ਅਗਾਊਂ ਤਿਆਰੀਆਂ ਤਹਿਤ ਚੱਲ ਰਹੀ ਵੋਟਰ ਪ੍ਰੀ-ਮੈਪਿੰਗ ਮੁਹਿੰਮ ਦਾ ਜਾਇਜ਼ਾ ਲਿਆ। ਡੀਸੀ ਕੋਮਲ ਮਿੱਤਲ ਨੇ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼) ਅਤੇ ਮੌਕੇ ’ਤੇ ਮੌਜੂਦ ਵੋਟਰਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਪਾਰਦਰਸ਼ੀ, ਵੋਟਰ ਸ਼ਮੂਲੀਅਤ ਅਤੇ ਗ਼ਲਤੀ-ਰਹਿਤ ਵੋਟਰ ਸੂਚੀ ਤਿਆਰ ਕਰਨ ਲਈ ਵੋਟਰਾਂ ਦਾ ਸਹੀ ਡਾਟਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਸਮੂਹ ਯੋਗ ਵੋਟਰਾਂ ਨੂੰ ਇਸ ਮੁਹਿੰਮ ਦੌਰਾਨ ਚੋਣ ਅਮਲੇ ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ। ਇੰਜ ਹੀ ਪੰਜਾਬ ਦੇ ਜੁਆਇੰਟ ਮੁੱਖ ਚੋਣ ਅਫ਼ਸਰ ਗੁਰਿੰਦਰਜੀਤ ਸਿੰਘ ਸੋਢੀ ਨੇ ਸਹਾਇਕ ਮੁੱਖ ਚੋਣ ਅਫ਼ਸਰ ਸੰਜੇ ਕੁਮਾਰ ਦੇ ਨਾਲ ਕ੍ਰਿਸਚੀਅਨਜ਼ ਪਬਲਿਕ ਸਕੂਲ, ਖਰੜ, ਬਲੌਂਗੀ ਅਤੇ ਮਿਲੇਨੀਅਮ ਸਕੂਲ ਫੇਜ਼-5 ਦਾ ਦੌਰਾ ਕਰਕੇ ਚੱਲ ਰਹੀ ਵੋਟਰ ਪ੍ਰੀ-ਮੈਪਿੰਗ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਡੀਸੀ ਕੋਮਲ ਮਿੱਤਲ ਨੇ ਦੱਸਿਆ ਕਿ 25 ਜੂਨ ਤੋਂ 24 ਜੁਲਾਈ 2026 ਤੱਕ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪ੍ਰੋਗਰਾਮ ਚਲਾਇਆ ਜਾਵੇਗਾ। ਇਸ ਦੌਰਾਨ ਬੂਥ ਲੈਵਲ ਅਫ਼ਸਰ ਘਰ-ਘਰ ਜਾ ਕੇ ਵੋਟਰਾਂ ਦੇ ਵੇਰਵਿਆਂ ਦੀ ਤਸਦੀਕ ਕਰਨਗੇ ਅਤੇ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਕਰਦੇ ਹੋਏ ਹਰ ਵੋਟਰ ਤੋਂ ਐਨੂਮਰੇਸ਼ਨ ਫਾਰਮ ਭਰਵਾਉਣਗੇ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਵਿਚ ਕੁੱਲ 838 ਪੋਲਿੰਗ ਬੂਥ ਹਨ, ਜਿੱਥੇ 838 ਬੂਥ ਲੈਵਲ ਅਫ਼ਸਰ 83 ਸੈਕਟਰ ਅਫ਼ਸਰਾਂ ਦੀ ਨਿਗਰਾਨੀ ਹੇਠ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ 8,54,381 ਰਜਿਸਟਰਡ ਵੋਟਰਾਂ ਦੇ ਵੇਰਵਿਆਂ ਦੀ ਮੈਪਿੰਗ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰੀ-ਮੈਪਿੰਗ ਮੁਹਿੰਮ ਤਹਿਤ ਹੁਣ ਤੱਕ ਮਹੱਤਵਪੂਰਨ ਪ੍ਰਗਤੀ ਦਰਜ ਕੀਤੀ ਗਈ ਹੈ। ਕੁੱਲ ਵੋਟਰਾਂ ’ਚੋਂ 5,70,722 ਵੋਟਰਾਂ ਦੇ ਵੇਰਵਿਆਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ, ਜੋ ਕੁੱਲ ਵੋਟਰਾਂ ਦਾ 66.76 ਫ਼ੀਸਦੀ ਬਣਦਾ ਹੈ। ਇਸ ਮੌਕੇ ਨੋਡਲ ਅਫ਼ਸਰ (ਸਵੀਪ) ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਕਾਨੂੰਨਗੋ ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਪੰਜਾਬ ਦੇ ਜੁਆਇੰਟ ਮੁੱਖ ਚੋਣ ਅਫ਼ਸਰ ਗੁਰਿੰਦਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਪ੍ਰੀ-ਐੱਸਆਈਆਰ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਭਰ ਦੇ 24,453 ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਇਕੋ ਸਮੇਂ ਲਗਾਏ ਗਏ ਹਨ, ਤਾਂ ਜੋ ਵੋਟਰ ਆਪਣੇ ਵੇਰਵਿਆਂ ਨੂੰ 2003 ਦੀ ਵੋਟਰ ਸੂਚੀ ਨਾਲ ਮੈਪ ਕਰਵਾ ਸਕਣ। ਉਨ੍ਹਾਂ ਕਿਹਾ ਕਿ ਮਤਦਾਤਾ ਵੋਟਰ ਸਰਵਿਸ ਪੋਰਟਲ voters.eci.gov.in ’ਤੇ ਜਾ ਕੇ ਵੀ 2003 ਦੀਆਂ ਵੋਟਰ ਸੂਚੀਆਂ ਵਿਚ ਆਪਣੇ ਵੇਰਵੇ ਖੋਜ ਅਤੇ ਤਸਦੀਕ ਕਰ ਸਕਦੇ ਹਨ। ਇਸ ਅਭਿਆਸ ਦਾ ਉਦੇਸ਼ ਵੋਟਰ ਸੂਚੀ ਦੀ ਸ਼ੁੱਧਤਾ ਅਤੇ ਭਰੋਸੇਯੋਗਤਾ ਨੂੰ ਹੋਰ ਮਜ਼ਬੂਤ ਕਰਨਾ ਹੈ, ਤਾਂ ਜੋ ਸਾਰੇ ਯੋਗ ਵੋਟਰਾਂ ਨੂੰ ਸ਼ਾਮਲ ਕੀਤਾ ਜਾ ਸਕੇ ਅਤੇ ਅਯੋਗ ਐਂਟਰੀਆਂ ਨੂੰ ਨਿਯਮਾਂ ਅਨੁਸਾਰ ਹਟਾਇਆ ਜਾ ਸਕੇ। ਉਨ੍ਹਾਂਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਅਮਲੇ ਨਾਲ ਪੂਰਾ ਸਹਿਯੋਗ ਕਰਨ ਅਤੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪ੍ਰਕਿਰਿਆ ਵਿਚ ਸਰਗਰਮ ਭਾਗੀਦਾਰੀ ਨਿਭਾਉਣ, ਤਾਂ ਜੋ ਸਾਫ਼-ਸੁਥਰੀ, ਅੱਪਡੇਟ ਅਤੇ ਭਰੋਸੇਯੋਗ ਵੋਟਰ ਸੂਚੀ ਤਿਆਰ ਕੀਤੀ ਜਾ ਸਕੇ।