ਸੀਯੂ ’ਚ ਦਰਬਾਰ-ਏ-ਦਾਸਤਾਂ ਸਮਾਗਮ ਕਰਵਾਇਆ
ਸੀਯੂ ਵਿਖੇ ਕਰਵਾਇਆ ਗਿਆ ਦਰਬਾਰ-ਏ-ਦਾਸਤਾਂ ਸਮਾਗਮ, 5 ਪੁਸਤਕਾਂ ਰਿਲੀਜ਼
Publish Date: Sat, 04 Apr 2026 06:54 PM (IST)
Updated Date: Sat, 04 Apr 2026 06:58 PM (IST)

- 5 ਪੁਸਤਕਾਂ ਰਿਲੀਜ਼, ਕਵੀਆਂ ਤੇ ਲੇਖਕਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸਾਹਿਤ ਪ੍ਰੇਮੀਆਂ ਨੂੰ ਕੀਤਾ ਮੰਤਰ ਮੁਗਧ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਚੰਡੀਗੜ੍ਹ ਯੂਨੀਵਰਸਿਟੀ ਵਿਖੇ ‘ਗੁਰੂ ਨਾਨਕ ਚੇਅਰ ਫ਼ਾਰ ਸਟੱਡੀਜ਼ ਇਨ ਯੂਨੀਵਰਸਲ ਐਡਵਾਂਸਮੈਂਟ’ ਵੱਲੋਂ ‘ਓਂਟਾਰੀਓ ਫ਼੍ਰੈਂਡਜ਼ ਕਲੱਬ’ ਦੇ ਸਹਿਯੋਗ ਨਾਲ ‘ਦਰਬਾਰ-ਏ-ਦਾਸਤਾਂ’ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਵਿਸ਼ਾ ‘ਅਲਫ਼ਾਜ਼ਾਂ ਵਿਚ ਅਹਿਸਾਸਾਂ ਦੀ ਰਵਾਇਤ’ ਸੀ, ਜਦਕਿ ਸਮਾਗਮ ਦਾ ਮੁੱਖ ਉਦੇਸ਼ ਸ਼ਬਦਾਂ ਰਾਹੀਂ ਮਨੁੱਖੀ ਸੰਵੇਦਨਾਵਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਾਂਭਣਾ ਸੀ। ਇਸ ਵਿਚ ਦੇਸ਼ ਭਰ ਦੇ ਨਾਮਵਰ ਕਵੀਆਂ, ਲੇਖਕਾਂ ਅਤੇ ਕਿੱਸਾਗੋਆਂ (ਕਹਾਣੀਕਾਰ) ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਅਤੇ ਕਹਾਣੀਆਂ ਰਾਹੀਂ ਸਾਹਿਤ ਪ੍ਰੇਮੀਆਂ ਨੂੰ ਕੀਲ ਲਿਆ। ਬੁਲਾਰਿਆਂ ਨੇ ਸਮਕਾਲੀ ਸਾਹਿਤ ਦੀ ਸਾਰਥਕਤਾ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੀ ਅਹਿਮੀਅਤ ’ਤੇ ਵੀ ਵਿਸ਼ੇਸ਼ ਚਾਨਣਾ ਪਾਇਆ। ‘ਓਂਟਾਰੀਓ ਫ਼੍ਰੈਂਡਜ਼ ਕਲੱਬ’, ਬ੍ਰਿਟੀਸ਼ ਕੋਲੰਬੀਆ (ਕੈਨੇਡਾ) ਦੇ ਪ੍ਰਧਾਨ ਸਿਕੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨਾਂ ਵਿਚ ਇੰਟਰਨੈਸ਼ਨਲ ਪੀਸ ਹੈਰੀਟੇਜ ਐਨਵਾਇਰਨਮੈਂਟ ਐਂਡ ਵੈੱਲਫੇਅਰ ਆਰਗਨਾਈਜ਼ੇਸ਼ਨ (ਆਈਪੀਐੱਚਈਡਬਲਯੂਓ) ਅਤੇ ਓਂਟਾਰੀਓ ਫ਼੍ਰੈਂਡਜ਼ ਕਲੱਬ ਦੇ ਚੇਅਰਮੈਨ ਡਾ. ਰਵਿੰਦਰ ਸਿੰਘ ਕੰਗ, ਸੰਸਥਾ ਦੀ ਪੈਟਰਨ ਡਾ. ਕਵਲਦੀਪ ਕੌਰ, ਇੰਟਰਨੈਸ਼ਨਲ ਡਿਵਾਈਨ ਕਾਲਜ ਆਫ਼ ਐਜੂਕੇਸ਼ਨ ਰਤਵਾੜਾ ਸਾਹਿਬ ਦੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰਮ ਪ੍ਰਸਿੱਧ ਲੇਖਿਕਾ ਡਾ. ਸਤਿੰਦਰਜੀਤ ਕੌਰ ਬੁੱਟਰ, ਲੇਖਿਕਾ ਜਸ਼ਨਦੀਪ ਕੌਰ ਸੰਧੂ, ਜਗਜੀਤ ਸਿੰਘ ਧਾਲੀਵਾਲ, ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਦਵਿੰਦਰ ਸਿੰਘ ਸਿੱਧੂ ਅਤੇ ‘ਗੁਰੂ ਨਾਨਕ ਚੇਅਰ ਫ਼ਾਰ ਸਟੱਡੀਜ਼ ਇਨ ਯੂਨੀਵਰਸਲ ਐਡਵਾਂਸਮੈਂਟ’ ਦੇ ਚੇਅਰਪਰਸਨ ਪ੍ਰੋ. ਡਾ. ਹਰਪਾਲ ਸਿੰਘ ਪੰਨੂ ਹਾਜ਼ਰ ਹੋਏ। ਸਮਾਗਮ ਵਿਚ ਦੇਸ਼ ਭਰ ਤੋਂ 15 ਨਾਮਵਰ ਕਹਾਣੀਕਾਰਾਂ ਅਤੇ ਕਵੀਆਂ ਨੇ ਸ਼ਿਰਕਤ ਕੀਤੀ। ਜਿਨ੍ਹਾਂ ਵਿਚ ਡਾ. ਕੈਲਾਸ਼ ਠਾਕੁਰ, ਸੁਖਦੇਵ ਸਿੰਘ ਗੰਢੂਆਂ, ਡਾ. ਦਵਿੰਦਰ ਸਿੰਘ ਮਾਨ, ਮਹਿੰਦਰ ਸਿੰਘ ਗੋਸਲਾਂ, ਸੁਖਵਿੰਦਰ ਕੇ ਆਹੀ, ਉਤਸਵ ਕਟੋਚ, ਅੰਸ਼ਿਤਾ, ਅੰਜਲੀ ਹਿਮਤਾ ਅਤੇ ਹੋਰ ਸਾਹਿਤਕਾਰ ਸ਼ਾਮਲ ਹਨ। ਇਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਜੀਵਨ ਦੇ ਵੱਖ-ਵੱਖ ਰੰਗਾਂ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਉਕੇਰਿਆ। ਅਖ਼ੀਰ ਵਿਚ ਤਿੰਨ ਨਾਮਵਰ ਕਵੀਆਂ ਅਤੇ ਲੇਖਕਾਂ ਦੀਆਂ ਪੰਜ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ। ਲੇਖਕ ਡਾ. ਸਤਿੰਦਰਜੀਤ ਕੌਰ ਬੁੱਟਰ ਦੀਆਂ ਤਿੰਨ ਪੁਸਤਕਾਂ ‘ਵਿਸਰਿਆ ਪੰਜਾਬ’, ‘ਮੀਂਹ ਕਣੀਆਂ’ ਅਤੇ ‘ਫੁੱਲਾਂ ਭਰੀ ਚੰਗੇਰ’, ਲੇਖਕ ਜਸ਼ਨਦੀਪ ਕੌਰ ਸਿੱਧੂ ਦੀ ਪੁਸਤਕ ‘ਖ਼ਾਮੋਸ਼ ਮੁਹੱਬਤ’ ਅਤੇ ਲੇਖਕ ਜਗਜੀਤ ਸਿੰਘ ਧਾਲੀਵਾਲ ਦੀਆਂ ਪੁਸਤਕਾਂ ‘ਕਵਿਤਾਵਾਂ ਦਾ ਨਵਾਂ ਦੌਰ’ ਅਤੇ ‘ਜ਼ਿੰਦਗੀ ਸਮਝੋ ਬਾਹਰ’ ਰਿਲੀਜ਼ ਕੀਤੀਆਂ ਗਈਆਂ। ਓਂਟਾਰੀਓ ਫ਼੍ਰੈਂਡਜ਼ ਕਲੱਬ ਕੈਨੇਡਾ ਦੇ ਪ੍ਰਧਾਨ ਸਿਕੰਦਰ ਸਿੰਘ ਨੇ ਕਿਹਾ ਕਿ ‘ਗਿਆਨ ਦਾ ਕੋਈ ਅੰਤ ਨਹੀਂ ਹੈ ਅਤੇ ਇਨਸਾਨ ਕੋਲ ਜਿੰਨਾ ਜ਼ਿਆਦਾ ਗਿਆਨ ਹੁੰਦਾ ਹੈ, ਉਹ ਉਨ੍ਹਾਂ ਹੀ ਨਿਮਰ ਹੁੰਦਾ ਜਾਂਦਾ ਹੈ। ‘ਇੰਟਰਨੈਸ਼ਨਲ ਪੀਸ ਹੈਰੀਟੇਜ ਇਨਵਾਇਰਨਮੈਂਟ ਐਂਡ ਵੈੱਲਫੇਅਰ ਆਰਗੇਨਾਈਜ਼ੇਸ਼ਨ’ ਅਤੇ ‘ਓਂਟਾਰੀਓ ਫ੍ਰੈਂਡਜ਼ ਕਲੱਬ’ ਦੇ ਚੇਅਰਮੈਨ ਡਾ. ਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਿੰਨੀ ਕਹਾਣੀਆਂ ‘ਗਾਗਰ ਵਿਚ ਸਾਗਰ’ ਭਰਨ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਹਿਤ ਸਿਰਫ਼ ਸ਼ਬਦਾਂ ਦਾ ਜੋੜ-ਮੇਲ ਨਹੀਂ ਹੁੰਦਾ, ਸਗੋਂ ਇਹ ਸਾਡੀਆਂ ਭਾਵਨਾਵਾਂ, ਸੋਚ ਅਤੇ ਪਛਾਣ ਦਾ ਦਰਪਣ (ਸ਼ੀਸ਼ਾ) ਹੁੰਦਾ ਹੈ। ਡਾ. ਕਵਲਦੀਪ ਕੌਰ ਨੇ ਪੰਜਾਬ, ਪੰਜਾਬੀਅਤ ਅਤੇ ਵਿਰਸੇ ਦੀ ਗੱਲ ਕਰਦਿਆਂ ਕਿਹਾ ਕਿ ਸਾਡੀ ਧਰਤੀ ਗੁਰੂਆਂ ਪੀਰਾਂ ਦੀ ਵਰੋਸਾਈ ਹੋਈ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਮਾਂ ਬੋਲੀ ਅਤੇ ਵਿਰਾਸਤ ਨੂੰ ਉੱਚਾ ਸੁੱਚਾ ਰੱਖਣ ਲਈ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਬੇਹੱਦ ਜ਼ਰੂਰੀ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਚੇਅਰਪਰਸਨ ਪ੍ਰੋ. ਡਾ. ਹਰਪਾਲ ਸਿੰਘ ਪੰਨੂ ਨੇ ਸਾਹਿਤ ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਪਰੰਪਰਾ ਵਿਚ ‘ਸੁਣਨਾ ਅਤੇ ਸੁਣਾਉਣਾ’ ਸ਼ਾਮਲ ਹੋਵੇ, ਉਹ ਪਰੰਪਰਾ ਨਾ ਕਦੇ ਬਿਮਾਰ ਹੁੰਦੀ ਹੈ ਅਤੇ ਨਾ ਹੀ ਖ਼ਤਮ ਹੁੰਦੀ ਹੈ। ਇਹ ਪਰੰਪਰਾ ਕਹਾਣੀ ਸੁਣਾਉਣ ਦੀ ਕਲਾ ਅਤੇ ਸਾਹਿਤਕ ਸੰਵੇਦਨਾ ਨੂੰ ਬਾਖ਼ੂਬੀ ਪੇਸ਼ ਕਰਦੀ ਹੈ।