ਮਹਾਸ਼ਿਵਰਾਤਰੀ ਸਬੰਧੀ ਕੱਢੀ ਸ਼ੋਭਾ ਯਾਤਰਾ
ਸ਼ਿਵ ਮੰਦਰ ਵਿਖੇ ਸ਼ਰਧਾਲੂਆਂ ਦੀ ਭੀੜ ਜਲ ਅਭਿਸ਼ੇਕ ਕਰਨ ਲਈ ਹੋਈ ਇਕੱਠੀ
Publish Date: Mon, 16 Feb 2026 09:09 PM (IST)
Updated Date: Mon, 16 Feb 2026 09:12 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮਹਾਸ਼ਿਵਰਾਤਰੀ ਦੇ ਸ਼ੁੱਭ ਮੌਕੇ ’ਤੇ ਸਾਧੂ ਨਗਰ ਅਰਧਨਾਰੀਸ਼ਵਰ ਸ਼ਿਵ ਮੰਦਰ ਵਿਖੇ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਵੱਡੀ ਭੀੜ ਇਕੱਠੀ ਹੋ ਗਈ। ਜਲ ਅਭਿਸ਼ੇਕ ਕਰਨ ਵਾਲੇ ਸ਼ਰਧਾਲੂਆਂ ਦਾ ਪ੍ਰਵਾਹ ਦਿਨ ਭਰ ਜਾਰੀ ਰਿਹਾ ਅਤੇ ਮੰਦਰ ਦਾ ਪਰਿਸਰ "ਹਰ-ਹਰ ਮਹਾਦੇਵ" ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ। ਮੰਦਰ ਦੀ ਮੁੱਖ ਪ੍ਰਬੰਧਕ ਮੋਨਾ ਸ਼ਰਮਾ ਨੇ ਦੱਸਿਆ ਕਿ ਜਲ ਅਭਿਸ਼ੇਕ ਤੋਂ ਪਹਿਲਾਂ, ਸਾਧੂ ਨਗਰ ਦੀਆਂ ਔਰਤਾਂ ਭਗਵਾਨ ਸ਼ਿਵ ਦੀ ਮੂਰਤੀ ਨੂੰ ਪਾਲਕੀ ਵਿਚ ਲੈ ਕੇ ਗਈਆਂ ਅਤੇ ਪੂਰੇ ਇਲਾਕੇ ਵਿਚ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ। ਇਸ ਸ਼ੋਭਾ ਯਾਤਰਾ ਦੌਰਾਨ, ਔਰਤਾਂ ਹਰ ਘਰ ਤੋਂ ਬਾਹਰ ਆਈਆਂ ਅਤੇ ਭਗਵਾਨ ਸ਼ਿਵ ਦੀ ਮੂਰਤੀ ਨੂੰ ਫੁੱਲਾਂ ਦਾ ਹਾਲ ਭੇਟ ਕੀਤਾ ਅਤੇ ਆਸ਼ੀਰਵਾਦ ਲਿਆ। ਸ਼ੋਭਾ ਯਾਤਰਾ ਤੋਂ ਬਾਅਦ, ਸ਼ਰਧਾਲੂਆਂ ਨੇ ਭਗਵਾਨ ਮਹਾਕਾਲ ਜੀ ਨੂੰ ਦੁੱਧ, ਦਹੀ ਅਤੇ ਪਾਣੀ ਨਾਲ ਅਭਿਸ਼ੇਕ ਕਰਕੇ ਉਨ੍ਹਾਂ ਦੀ ਰਸਮੀ ਪੂਜਾ ਕੀਤੀ। ਚਰਨਾਮ੍ਰਿਤ ਅਤੇ ਫ਼ਲਾਂ ਦੇ ਪ੍ਰਸ਼ਾਦ ਦਾ ਆਨੰਦ ਲੈਣ ਤੋਂ ਬਾਅਦ, ਮਹਿਲਾ ਸਮੂਹਾਂ ਦੁਆਰਾ ਇਕ ਵਿਸ਼ਾਲ ਕੀਰਤਨ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਹਿੱਸਾ ਲਿਆ। ਮੋਨਾ ਸ਼ਰਮਾ ਨੇ ਦੱਸਿਆ ਕਿ ਸੋਮਵਾਰ ਨੂੰ ਮੰਦਰ ਵਿਚ ਇੱਕ ਵਿਸ਼ੇਸ਼ ਲੰਗਰ ਲਾਇਆ ਗਿਆ, ਜਿਸ ਵਿਚ ਵਰਤ ਰੱਖਣ ਵਾਲੇ ਸ਼ਰਧਾਲੂਆਂ ਲਈ ਵੱਖਰੇ ਪ੍ਰਬੰਧ ਕੀਤੇ ਸਨ।
ਸ਼ਹਿਰ ਦੇ ਹੋਰ ਧਾਰਮਿਕ ਅਸਥਾਨਾਂ ’ਤੇ ਵੀ ਸ਼ਰਧਾਲੂਆਂ ਦੀ ਭੀੜ ਸੀ। ਸਨਾਤਨ ਧਰਮ ਸਭਾ ਡੇਰਾਬੱਸੀ ਵੱਲੋਂ ਸ਼੍ਰੀ ਰਾਮ ਮੰਦਰ ਰੇਲਵੇ ਫਾਟਕ 'ਤੇ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਤੋਂ ਇਲਾਵਾ ਸ਼੍ਰੀ ਹਨੂੰਮਾਨ ਮੰਦਰ ਸ਼ਕਤੀ ਨਗਰ, ਸ਼੍ਰੀ ਕ੍ਰਿਸ਼ਨ ਮੰਦਰ ਦਾਦਪੁਰ ਮੁਹੱਲਾ, ਸ਼੍ਰੀ ਪਰਸ਼ੂਰਾਮ ਭਵਨ ਮੰਦਰ ਸਰਸਵਤੀ ਵਿਹਾਰ ਅਤੇ ਗੋਗਾ ਮਾੜੀ ਮੰਦਰ ਸਮੇਤ ਕਈ ਮੰਦਰਾਂ ਵਿਚ ਦਿਨ ਭਰ ਭਜਨ-ਕੀਰਤਨ ਅਤੇ ਸ਼ਿਵ ਅਭਿਸ਼ੇਕ ਕਰਵਾਇਆ ਗਿਆ। ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਕਈ ਥਾਵਾਂ 'ਤੇ ਟ੍ਰੈਫਿਕ ਜਾਮ ਵੀ ਹੋਇਆ।