ਲਾਪ੍ਰਵਾਹੀ ਨਾਲ ਮੌਤ ਦੇ ਮਾਮਲੇ ’ਚ ਟਰੱਕ ਚਾਲਕ ਬਰੀ
- ਗਵਾਹ ਮੁਕਰੇ ਤੇ
Publish Date: Sat, 04 Apr 2026 08:40 PM (IST)
Updated Date: Sat, 04 Apr 2026 08:43 PM (IST)

- ਗਵਾਹ ਮੁਕਰੇ ਤੇ ਜਾਂਚ ’ਚ ਕਮੀਆਂ ਨਾਲ ਟੁੱਟਿਆ ਕੇਸ ਜ.ਸ., ਪੰਚਕੂਲਾ : ਕਾਲਕਾ ਸਥਿਤ ਸਬ ਡਵੀਜ਼ਨਲ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਸਾਲ 2020 ਦੇ ਇੱਕ ਸੜਕ ਹਾਦਸੇ ਵਿਚ ਦਰਜ ਲਾਪ੍ਰਵਾਹੀ ਨਾਲ ਮੌਤ ਦੇ ਮਾਮਲੇ ਵਿਚ ਦੋਸ਼ੀ ਟਰੱਕ ਚਾਲਕ ਰਾਜ ਕੁਮਾਰ ਉਰਫ਼ ਰਾਜੂ ਨੂੰ ਬਰੀ ਕਰ ਦਿੱਤਾ। ਇਹ ਮਾਮਲਾ 7 ਜਨਵਰੀ 2020 ਦਾ ਹੈ, ਜਦੋਂ ਪਿੰਜੌਰ ਦੇ ਐੱਚਐੱਮਟੀ ਪੈਟਰੋਲ ਪੰਪ ਦੇ ਨੇੜੇ ਇਕ ਹਾਦਸੇ ਵਿਚ ਗੁਰਮੀਤ ਸਿੰਘ ਦੀ ਮੌਤ ਹੋ ਗਈ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਦਾ ਭਰਾ ਬੈਂਕ ਤੋਂ ਤਨਖਾਹ ਕੱਢਣ ਤੋਂ ਬਾਅਦ ਆਟੋ ਦਾ ਇੰਤਜ਼ਾਰ ਕਰ ਰਿਹਾ ਸੀ, ਜਦੋਂ ਇੱਕ ਟਰੱਕ ਨੂੰ ਪਿੱਛੇ ਕਰਦੇ ਸਮੇਂ ਕਥਿਤ ਲਾਪ੍ਰਵਾਹੀ ਹੋਈ ਅਤੇ ਉਹ ਉਸ ਦੇ ਹੇਠਾਂ ਆ ਗਿਆ। ਜ਼ਖ਼ਮੀ ਨੂੰ ਪਹਿਲਾਂ ਸੈਕਟਰ-6 ਪੰਚਕੂਲਾ ਦੇ ਸਿਵਲ ਹਸਪਤਾਲ ਅਤੇ ਫਿਰ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਰਸਤੇ ਵਿਚ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਿੰਜੌਰ ਥਾਣੇ ਵਿਚ ਐੱਫਆਈਆਰ ਦਰਜ ਕਰਵਾਈ ਗਈ ਅਤੇ ਦੋਸ਼ੀ ਨੂੰ 16 ਜਨਵਰੀ 2020 ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੂੰ ਉਸੇ ਦਿਨ ਜ਼ਮਾਨਤ ਮਿਲ ਗਈ। ਮਾਮਲੇ ਵਿਚ 24 ਨਵੰਬਰ 2021 ਨੂੰ ਦੋਸ਼ ਲਾਏ ਗਏ ਅਤੇ 2022 ਤੋਂ ਸੁਣਵਾਈ ਸ਼ੁਰੂ ਹੋਈ। ਮੁਕੱਦਮਾ ਧਿਰ ਨੇ ਕੁੱਲ ਪੰਜ ਗਵਾਹ ਪੇਸ਼ ਕੀਤੇ, ਜਿਨ੍ਹਾਂ ਵਿਚ ਸ਼ਿਕਾਇਤਕਰਤਾ, ਜਾਂਚ ਅਧਿਕਾਰੀ ਅਤੇ ਡਾਕਟਰ ਸ਼ਾਮਲ ਸਨ। ਮਾਮਲੇ ਵਿਚ ਸਭ ਤੋਂ ਵੱਡਾ ਮੋੜ ਉਸ ਵੇਲੇ ਆਇਆ, ਜਦੋਂ ਸ਼ਿਕਾਇਤਕਰਤਾ ਹੀ ਅਦਾਲਤ ਵਿਚ ਆਪਣੇ ਬਿਆਨ ਤੋਂ ਮੁਕਰ ਗਿਆ। ਉਨ੍ਹਾਂ ਕਿਹਾ ਕਿ ਉਸ ਨੇ ਚਾਲਕ ਨੂੰ ਨਹੀਂ ਦੇਖਿਆ ਅਤੇ ਉਹ ਇਹ ਨਹੀਂ ਕਹਿ ਸਕਦਾ ਕਿ ਹਾਦਸਾ ਮੁਲਜ਼ਮ ਦੀ ਲਾਪ੍ਰਵਾਹੀ ਨਾਲ ਹੋਇਆ। ਜਾਂਚ ਵਿਚ ਵੀ ਕਈ ਖਾਮੀਆਂ ਸਾਹਮਣੇ ਆਈਆਂ। ਜਾਂਚ ਅਧਿਕਾਰੀ ਨੇ ਮੰਨਿਆ ਕਿ ਪੈਟਰੋਲ ਪੰਪ ਦੇ ਕਰਮਚਾਰੀਆਂ ਦੇ ਬਿਆਨ ਦਰਜ ਨਹੀਂ ਕੀਤੇ ਗਏ, ਸੀਸੀਟੀਵੀ ਫੁਟੇਜ ਇਕੱਠਾ ਨਹੀਂ ਕੀਤਾ ਗਿਆ। ਮੌਕੇ ਦੀ ਫੋਟੋ ਨਹੀਂ ਲਈ ਗਈ ਅਤੇ ਮੁਲਜ਼ਮ ਦੀ ਪਛਾਣ ਲਈ ਕੋਈ ਟੈਸਟ ਆਈਡੈਂਟੀਫਿਕੇਸ਼ਨ ਪੈਰੇਡ ਨਹੀਂ ਕਰਵਾਈ ਗਈ। ਅਦਾਲਤ ਨੇ ਮੰਨਿਆ ਕਿ ਇਨ੍ਹਾਂ ਖਾਮੀਆਂ ਕਾਰਨ ਨਾ ਤਾਂ ਮੁਲਜ਼ਮ ਦੀ ਪਛਾਣ ਸਾਬਤ ਹੋ ਸਕੀ ਅਤੇ ਨਾ ਹੀ ਲਾਪ੍ਰਵਾਹੀ। ਸਿਰਫ਼ ਵਾਹਨ ਦੀ ਬਰਾਮਦਗੀ ਦੇ ਆਧਾਰ ’ਤੇ ਦੋਸ਼ ਸਿੱਧ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਹਾਲਾਤਾਂ ਵਿੱਚ ਅਦਾਲਤ ਨੇ ਮੁਲਜ਼ਮ ਨੂੰ ਬਰੀ ਕਰਦਿਆਂ 30,000 ਰੁਪਏ ਦਾ ਨਿੱਜੀ ਬਾਂਡ ਛੇ ਮਹੀਨੇ ਲਈ ਜਮ੍ਹਾਂ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਆਪਣੇ ਫੈਸਲੇ ਵਿਚ ਸਾਫ਼ ਕੀਤਾ ਕਿ ਕਮਜ਼ੋਰ ਜਾਂਚ ਅਤੇ ਗਵਾਹਾਂ ਦੇ ਮੁਕਰ ਜਾਣ ਨਾਲ ਗੰਭੀਰ ਮਾਮਲਿਆਂ ਵਿਚ ਵੀ ਮੁਕੱਦਮਾ ਧਿਰ ਦਾ ਕੇਸ ਕਮਜ਼ੋਰ ਹੋ ਜਾਂਦਾ ਹੈ।