ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੀ ਸੂਬਾ ਕੌਂਸਲ ਦੀ ਮੀਟਿੰਗ ਵਿੱਚ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੂੰ ਸੂਬਾ ਸਕੱਤਰ ਚੁਣ ਲਿਆ ਗਿਆ। ਉਨ੍ਹਾਂ ਦਾ ਨਾਂਅ ਪਹਿਲੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਪੇਸ਼ ਕੀਤਾ।
ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ : ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੀ ਸੂਬਾ ਕੌਂਸਲ ਦੀ ਮੀਟਿੰਗ ਵਿੱਚ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੂੰ ਸੂਬਾ ਸਕੱਤਰ ਚੁਣ ਲਿਆ ਗਿਆ। ਉਨ੍ਹਾਂ ਦਾ ਨਾਂਅ ਪਹਿਲੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਪੇਸ਼ ਕੀਤਾ।
ਕੌਂਸਲ ਮੈਂਬਰਾਂ ਨੇ ਸਰਬ-ਸੰਮਤੀ ਨਾਲ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ। ਮੈਂਬਰਾਂ ਨੇ ਨਾਅਰੇ ਲਾ ਕੇ ਕਾਮਰੇਡ ਧਾਲੀਵਾਲ ਦਾ ਸਕੱਤਰ ਵਜੋਂ ਚੁਣੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਾਮਰੇਡ ਬੰਤ ਸਿੰਘ ਬਰਾੜ ਨੇ ਸਾਥੀ ਨਿਰਮਲ ਸਿੰਘ ਧਾਲੀਵਾਲ ਦੀ ਸ਼ਖਸੀਅਤ ਦੇ ਵੱਖ-ਵੱਖ ਮਾਣਮੱਤੇ ਪਹਿਲੂਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਧਾਲੀਵਾਲ ਜਿੱਥੇ ਵੱਡੇ ਟਰੇਡ ਯੂਨੀਅਨ ਆਗੂ ਹਨ, ਉੱਥੇ ਉਹ ਸੀਪੀਆਈ ਦੇ ਸੰਜੀਦਾ ਆਗੂਆਂ ਵਿੱਚ ਸ਼ੁਮਾਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਸਾਲ ਦੇ ਅਖੀਰ ਵਿੱਚ ਜਲੰਧਰ ਵਿੱਚ ਹੋਈ ਬੇਹੱਦ ਸਫ਼ਲ ਪਾਰਟੀ ਕਾਂਗਰਸ ਵਿੱਚ ਕਾਮਰੇਡ ਧਾਲੀਵਾਲ ਦੀ ਸ਼ਾਨਦਾਰ ਭੂਮਿਕਾ ਹਮੇਸ਼ਾ ਯਾਦ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਟ੍ਰਾਂਸਪੋਰਟ ਕਾਮਿਆਂ ਦੀ ਨੈਸ਼ਨਲ ਫੈਡਰੇਸ਼ਨ ਦੇ ਲੰਮਾ ਸਮਾਂ ਮੋਹਰੀ ਆਗੂ ਰਹੇ। ਬਰਾੜ ਨੇ ਇਹ ਵੀ ਦੱਸਿਆ ਕਿ ਕਾਮਰੇਡ ਧਾਲੀਵਾਲ ਨੇ ਵਕਾਲਤ ਕੀਤੀ ਹੋਈ ਹੈ। ਉਨ੍ਹਾਂ ਵਕਾਲਤ ਦਾ ਕਿੱਤਾ ਅਪਣਾਉਣ ਦੀ ਥਾਂ ਆਮ ਲੋਕਾਂ ਦੇ ਹਿੱਤਾਂ ਲਈ ਜੂਝਣ ਨੂੰ ਪਹਿਲ ਦਿੱਤੀ। ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕੀਤੀ।
ਇਸ ਦੌਰਾਨ ਸੂਬਾ ਐਗਜ਼ੈਕਟਿਵ ਚੁਣੀ ਗਈ। ਇਸ ਵਿੱਚ ਬੰਤ ਸਿੰਘ ਬਰਾੜ, ਨਿਰਮਲ ਸਿੰਘ ਧਾਲੀਵਾਲ, ਹਰਦੇਵ ਸਿੰਘ ਅਰਸ਼ੀ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਅਮਰਜੀਤ ਸਿੰਘ ਆਸਲ, ਦੇਵੀ ਕੁਮਾਰੀ ਸਰਹਾਲੀ ਕਲਾਂ, ਨਰਿੰਦਰ ਕੌਰ ਸੋਹਲ, ਬਲਦੇਵ ਸਿੰਘ ਨਿਹਾਲਗੜ੍ਹ, ਰਜਿੰਦਰਪਾਲ ਕੌਰ, ਲਖਬੀਰ ਸਿੰਘ ਨਿਜ਼ਾਮਪੁਰ, ਗੁਲਜ਼ਾਰ ਸਿੰਘ ਬਸੰਤ ਕੋਟ, ਕੁਲਵੰਤ ਸਿੰਘ ਮੌਲਵੀਵਾਲ, ਕ੍ਰਿਸ਼ਨ ਚੌਹਾਨ, ਦਵਿੰਦਰ ਸੋਹਲ, ਦਸਵਿੰਦਰ ਕੌਰ, ਕਸ਼ਮੀਰ ਸਿੰਘ ਫਿਰੋਜ਼ਪੁਰ, ਅਸ਼ੋਕ ਕੌਸ਼ਲ ਫਰੀਦਕੋਟ, ਮਹਿੰਦਰ ਪਾਲ ਸਿੰਘ ਮੁਹਾਲੀ, ਬਲਕਰਨ ਸਿੰਘ ਬਰਾੜ ਤੇ ਸੁਖਦੇਵ ਸਿੰਘ ਸਿਰਸਾ ਸ਼ਾਮਲ ਹਨ।
ਕਾਰਜਕਾਰਨੀ ਲਈ ਕੁਝ ਸੀਟਾਂ ਖਾਲੀ ਰੱਖੀਆਂ ਗਈਆਂ ਹਨ। ਨਵੇਂ ਚੁਣੇ ਗਏ ਸੂਬਾ ਸਕੱਤਰੇਤ ਵਿੱਚ ਬੰਤ ਸਿੰਘ ਬਰਾੜ, ਨਿਰਮਲ ਸਿੰਘ ਧਾਲੀਵਾਲ, ਹਰਦੇਵ ਸਿੰਘ ਅਰਸ਼ੀ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਅਮਰਜੀਤ ਸਿੰਘ ਆਸਲ, ਨਰਿੰਦਰ ਕੌਰ ਸੋਹਲ, ਬਲਦੇਵ ਸਿੰਘ ਨਿਹਾਲਗੜ੍ਹ, ਦੇਵੀ ਕੁਮਾਰੀ ਸਰਹਾਲੀ ਕਲਾਂ ਅਤੇ ਕ੍ਰਿਸ਼ਨ ਕੁਮਾਰ ਚੌਹਾਨ (ਇਨਵਾਇਟੀ) ਸ਼ਾਮਲ ਹਨ। ਕੁਝ ਸੀਟਾਂ ਖਾਲੀ ਰੱਖੀਆਂ ਗਈਆਂ। ਸੂਬਾ ਕੌਂਸਲ ਵੱਲੋਂ ਕਾਮਰੇਡ ਨਰਿੰਦਰ ਕੌਰ ਸੋਹਲ ਨੂੰ ਸੂਬਾ ਕੈਸ਼ੀਅਰ ਵਜੋਂ ਚੁਣਿਆ ਗਿਆ। ਸਹਾਇਕ ਕੈਸ਼ੀਅਰ ਕਾਮਰੇਡ ਮਹਿੰਦਰ ਪਾਲ ਨੂੰ ਚੁਣਿਆ ਗਿਆ। ਕਾਮਰੇਡ ਐੱਨ ਕੇ ਗੌੜ, ਵੇਦ ਪ੍ਰਕਾਸ਼ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ’ਤੇ ਅਧਾਰਤ ਆਡਿਟ ਕਮੇਟੀ ਦੀ ਚੋਣ ਕੀਤੀ ਗਈ।
ਕੰਟਰੋਲ ਕਮਿਸ਼ਨ ਦਾ ਚੇਅਰਮੈਨ ਸੁਖਚੈਨ ਸਿੰਘ ਨੂੰ ਚੁਣਿਆ ਗਿਆ। ਚੇਅਰਮੈਨ ਦੀ ਚੋਣ ਲਈ ਕਾਮਰੇਡ ਚੰਦ ਫਤਿਹਪੁਰੀ ਨੇ ਨਾਂਅ ਪੇਸ਼ ਕੀਤਾ। ਸੂਬਾ ਕੌਂਸਲ ਵੱਲੋਂ ਨੈਸ਼ਨਲ ਕੌਂਸਲ ਲਈ 6 ਮੈਂਬਰਾਂ ਦੇ ਨਾਂਅ ਪ੍ਰਵਾਨਗੀ ਲਈ ਭੇਜੇ ਗਏ ਹਨ। ਇਸ ਦੌਰਾਨ ਪਿਛਲੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਆਪਣੇ ਕਾਰਜਕਾਲ ਦੌਰਾਨ ਪੂਰੇ ਪੰਜਾਬ ਦੇ ਕਮਿਊਨਿਸਟਾਂ ਅਤੇ ਹੋਰਨਾਂ ਵੱਲੋਂ ਮਿਲੇ ਪਿਆਰ-ਸਤਿਕਾਰ ਲਈ ਧੰਨਵਾਦ ਕੀਤਾ।
ਸੂਬਾ ਕੌਂਸਲ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਡੀ. ਰਾਜਾ ਨੇ ਕਿਹਾ ਕਿ ਸੀ ਪੀ ਆਈ ਕੋਈ ਇਮਾਰਤ ਨਹੀਂ, ਇਹ ਭਾਵਨਾਵਾਂ ਅਤੇ ਮਨੁੱਖੀ ਦਰਦ ਰੱਖਣ ਵਾਲੇ ਲੋਕਾਂ ਦੀ ਪਾਰਟੀ ਹੈ। ਇਸ ਲਈ ਅਸੀਂ ਸੋਚਣਾ ਹੈ ਕਿ ਮਨੁੱਖਤਾ ਲਈ ਹੋਰ ਚੰਗੇਰਾ ਕੀ ਹੋ ਸਕਦਾ ਹੈ। ਡੀ. ਰਾਜਾ ਨੇ ਪੰਜਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਅਗਲੇ ਸਾਲ ਇੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ ਸਿਆਸੀ ਸਥਿਤੀ ਸੁਧਾਰਨ ਲਈ ਪੂਰਾ ਤਾਣ ਲਾਉਣਾ ਹੈ। ਪੰਜਾਬ ਲਈ ਇਹ ਚੋਣ ਬੜੀ ਮਹੱਤਵਪੂਰਨ ਹੈ। ਉਨ੍ਹਾਂ ਅਤੀਤ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਸੀ ਪੀ ਆਈ ਦੀ ਸ਼ਾਨਦਾਰ ਭੂਮਿਕਾ ਰਹੀ ਹੈ। ਉਨ੍ਹਾ ਕਿਹਾ ਕਿ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੂੰ ਵਿਧਾਨ ਸਭਾ ਵਿੱਚ ਵਧੀਆ ਭੂਮਿਕਾ ਨਿਭਾਉਣ ਬਦਲੇ ‘ਬੈੱਸਟ ਪਾਰਲੀਮੈਂਟੇਰੀਅਨ’ ਦਾ ਸਨਮਾਨ ਮਿਲ ਚੁੱਕਾ ਹੈ। ਇਹ ਸਾਡੇ ਭਵਿੱਖ ਲਈ ਪ੍ਰੇਰਨਾ-ਸਰੋਤ ਬਣਨਾ ਚਾਹੀਦਾ ਹੈ।
ਡੀ. ਰਾਜਾ ਨੇ ਕਿਹਾ ਕਿ ਇਸੇ ਅਪੈ੍ਰਲ ਵਿੱਚ ਕੇਰਲਾ, ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿੱਚ ਚੋਣਾਂ ਦਾ ਕੰਮ ਨੇਪਰੇ ਚੜ੍ਹਨਾ ਹੈ। ਸਾਨੂੰ ਆਸ ਹੈ ਕਿ ਕੇਰਲਾ ਵਿੱਚ ਖੱਬਾ ਫਰੰਟ ਮੁੜ ਸੱਤਾ ਸੰਭਾਲੇਗਾ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਮੁੱਖ ਮੁਕਾਬਲਾ ਭਾਜਪਾ ਅਤੇ ਟੀ ਐੱਮ ਸੀ ਦਰਮਿਆਨ ਹੈ। ਸੀਪੀਆਈ ਉੱਥੇ 17 ਸੀਟਾਂ ’ਤੇ ਚੋਣ ਲੜ ਰਹੀ ਹੈ। ਇਸੇ ਤਰ੍ਹਾਂ ਅਸਾਮ ਵਿੱਚ ਅਸੀਂ ਤਿੰਨ ਅਤੇ ਪੁਡੂਚੇਰੀ ਵਿੱਚ ਵੀ ਇੱਕ ਸੀਟ ’ਤੇ ਚੋਣ ਲੜ ਰਹੇ ਹਾਂ।
ਇਸ ਤੋਂ ਪਹਿਲਾਂ ਨਵੇਂ ਚੁਣੇ ਗਏ ਸੂਬਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬ ਵਿੱਚ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾ ਕਿਹਾ ਕਿ ਹਾੜ੍ਹੀ ਸੀਜ਼ਨ ਮੁੱਕਦਿਆਂ ਹੀ ਪੰਜਾਬ ਵਿੱਚ ਸੀ ਪੀ ਆਈ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਵਿੱਚ ਵੱਖ-ਵੱਖ ਥਾਂਵਾਂ ’ਤੇ ਕਨਵੈਨਸ਼ਨਾਂ ਵੀ ਕੀਤੀਆਂ ਜਾਣਗੀਆਂ। ਸੂਬਾ ਕੌਂਸਲ ਨੂੰ ਸੀ ਪੀ ਆਈ ਦੇ ਕੇਂਦਰੀ ਆਗੂ ਡਾ. ਗਰੀਸ਼ ਸ਼ਰਮਾ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਕਾਮਰੇਡ ਡੀ. ਰਾਜਾ, ਡਾ. ਗਰੀਸ਼ ਸ਼ਰਮਾ, ਕਾਮਰੇਡ ਹਰਦੇਵ ਸਿੰਘ ਅਰਸ਼ੀ, ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਕਾਮਰੇਡ ਬੰਤ ਸਿੰਘ ਬਰਾੜ ਨੂੰ ਸਨਮਾਨਤ ਕੀਤਾ।