ਪੰਜਾਬ ਭਰ ਦੀਆਂ ਅਦਾਲਤਾਂ ਵਿਚ ਕੰਮਕਾਜ ਪੂਰੀ ਤਰ੍ਹਾਂ ਬੰਦ ਰਹੇਗਾ : ਦੱਪਰ
ਪੰਜਾਬ ਭਰ ਦੀਆਂ ਅਦਾਲਤਾਂ ਵਿਚ ਕੰਮਕਾਜ ਪੂਰੀ ਤਰ੍ਹਾਂ ਬੰਦ ਰਹੇਗਾ : ਵਿਕਰਮਜੀਤ ਸਿੰਘ ਦੱਪਰ
Publish Date: Sun, 22 Feb 2026 05:30 PM (IST)
Updated Date: Sun, 22 Feb 2026 05:34 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੀ ਸੂਬਾ ਪੱਧਰੀ ਬੈਠਕ ’ਚ ਸਹਿਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਇਸ ਹਫ਼ਤੇ ਅਦਾਲਤਾਂ ਵਿਚ ਕੰਮਕਾਜ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ ਅਤੇ ਪ੍ਰਸ਼ਾਸਨ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਬਾਰ ਐਸੋਸੀਏਸ਼ਨ ਡੇਰਾਬੱਸੀ ਦੇ ਪ੍ਰਧਾਨ ਐਡਵੋਕੇਟ ਵਿਕਰਮਜੀਤ ਸਿੰਘ ਦੱਪਰ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਮੂਹ ਵਕੀਲ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਮਤਾ ਪਾਸ ਕਰਦੇ ਹੋਏ ਐਕਸ਼ਨ ਪਲਾਨ ਕੇਸਾਂ, ਲੀਗਲ ਐਡ ਡਿਫੈਂਸ ਕੌਂਸਲ ਸਕੀਮ ਅਤੇ ਗਰਾਮ ਨਿਆਂਲਿਆਂ ਦੇ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ ਹੈ ਅਤੇ ਸਰਕਾਰ ਤੋਂ ਇਨ੍ਹਾਂ ਨੀਤੀਆਂ ’ਤੇ ਦੁਬਾਰਾ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ। ਪ੍ਰਧਾਨ ਦੱਪਰ ਨੇ ਕਿਹਾ ਕਿ ਐਕਸ਼ਨ ਪਲਾਨ ਕੇਸ ਵਕੀਲਾਂ ’ਤੇ ਵੱਧਦਾ ਬੋਝ ਬਣ ਰਹੇ ਹਨ ਅਤੇ ਕੇਸਾਂ ਨੂੰ ਜਲਦੀ ਨਿਪਟਾਉਣ ਦੀ ਦੌੜ ਵਿਚ ਲੋਕਾਂ ਨੂੰ ਸਹੀ ਢੰਗ ਨਾਲ ਇਨਸਾਫ਼ ਨਹੀਂ ਮਿਲ ਰਿਹਾ। ਇਸ ਨਾਲ ਵਕੀਲਾਂ ਦੀ ਨਿੱਜੀ ਜ਼ਿੰਦਗੀ ਅਤੇ ਸਿਹਤ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੀਗਲ ਐਂਡ ਡਿਫੈਂਸ ਕੌਂਸਲ ਸਕੀਮ ਦਾ ਗ਼ਲਤ ਇਸਤੇਮਾਲ ਹੋ ਰਿਹਾ ਹੈ, ਜਿਸ ਨਾਲ ਰੋਜ਼ਾਨਾ ਪ੍ਰੈਕਟਿਸ ਕਰਨ ਵਾਲੇ ਵਕੀਲਾਂ ’ਤੇ ਸਿੱਧਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕੈਂਪ ਲਗਾ ਕੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਜੋਕਿ ਚਿੰਤਾਜਨਕ ਹੈ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਦਰਪਾਲ ਸਿੰਘ ਖਾਰੀ ਅਤੇ ਮੀਤ ਪ੍ਰਧਾਨ ਰਾਮ ਕੁਮਾਰ ਧੀਮਾਨ, ਖ਼ਜ਼ਾਨਚੀ ਹਰਪ੍ਰੀਤ ਸਿੰਘ ਸੈਣੀ, ਜੁਆਇੰਟ ਸਕੱਤਰ ਸ੍ਰੀਮਤੀ ਸੀਮਾ ਧੀਮਾਨ ਨੇ ਦੱਸਿਆ ਕਿ ਹੜਤਾਲ ਦੌਰਾਨ ਕਿਸੇ ਵੀ ਵਕੀਲ ਨੂੰ ਕੋਰਟ ਰੂਮ ਵਿਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।