ਚੈੱਕ ਬਾਊਂਸ ਮਾਮਲੇ 'ਚ ਅਦਾਲਤ ਵੱਲੋਂ ਕਾਰ ਵਿਕਰੇਤਾ ਨੂੰ ਇਕ ਸਾਲ ਦੀ ਕੈਦ
ਚੈੱਕ ਬਾਊਂਸ ਮਾਮਲੇ 'ਚ ਅਦਾਲਤ ਵੱਲੋਂ ਕਾਰ ਵਿਕਰੇਤਾ ਨੂੰ ਇਕ ਸਾਲ ਦੀ ਕੈਦ
Publish Date: Fri, 09 Jan 2026 08:32 PM (IST)
Updated Date: Fri, 09 Jan 2026 08:33 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੀ ਮਾਨਯੋਗ ਅਦਾਲਤ ਨੇ ਚੈੱਕ ਬਾਊਂਸ ਦੇ ਇਕ ਮਾਮਲੇ ਵਿਚ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਦੋਸ਼ੀ ਮਲਕੀਤ ਸਿੰਘ (ਵਾਸੀ ਨਿਊ ਸੰਨੀ ਐਨਕਲੇਵ, ਖਰੜ) ਨੂੰ ਇਕ ਸਾਲ ਦੀ ਕੈਦ ਅਤੇ ਸ਼ਿਕਾਇਤਕਰਤਾ ਨੂੰ 12 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸ਼ਿਕਾਇਤਕਰਤਾ ਤਜਿੰਦਰ ਕੌਰ (ਵਾਸੀ ਫੇਜ਼-3ਬੀ2, ਮੁਹਾਲੀ) ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਪਰਮਜੀਤ ਸਿੰਘ ਨੇ ਦੋਸ਼ੀ ਮਲਕੀਤ ਸਿੰਘ ਤੋਂ ਦਸੰਬਰ 2018 ਵਿਚ ਇਕ 'ਟੋਇਟਾ ਫਾਰਚੂਨਰ' ਕਾਰ 12,70,000 ਰੁਪਏ ਵਿਚ ਖ਼ਰੀਦੀ ਸੀ। ਸਾਰੀ ਰਕਮ ਅਦਾ ਕਰਨ ਤੋਂ ਬਾਅਦ ਜਦੋਂ ਕਾਰ ਆਪਣੇ ਨਾਮ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਪਤਾ ਲੱਗਾ ਕਿ ਦੋਸ਼ੀ ਨੇ ਉਸ ਕਾਰ 'ਤੇ ਪਹਿਲਾਂ ਹੀ 7.50 ਲੱਖ ਰੁਪਏ ਦਾ ਬੈਂਕ ਲੋਨ ਲਿਆ ਹੋਇਆ ਸੀ, ਜਿਸ ਬਾਰੇ ਉਸ ਨੇ ਜਾਣਕਾਰੀ ਛੁਪਾਈ ਸੀ।
ਜਦੋਂ ਦੋਸ਼ੀ 'ਤੇ ਦਬਾਅ ਪਾਇਆ ਗਿਆ, ਤਾਂ ਉਸ ਨੇ ਇਕ ਹਲਫੀਆ ਬਿਆਨ ਦਿੱਤਾ ਕਿ ਉਹ 31 ਅਕਤੂਬਰ 2020 ਤੱਕ ਬੈਂਕ ਦਾ ਸਾਰਾ ਕਰਜ਼ਾ ਉਤਾਰ ਦੇਵੇਗਾ। ਇਸ ਦੇ ਬਦਲੇ ਉਸ ਨੇ 7.50 ਲੱਖ ਰੁਪਏ ਦੇ ਦੋ ਚੈੱਕ ਸੁਰੱਖਿਆ ਵਜੋਂ ਦਿੱਤੇ ਪਰ ਨਾ ਤਾਂ ਉਸ ਨੇ ਲੋਨ ਭਰਿਆ ਅਤੇ ਨਾ ਹੀ ਕਾਰ ਟਰਾਂਸਫਰ ਕਰਵਾਈ। ਜਦੋਂ ਤਜਿੰਦਰ ਕੌਰ ਨੇ ਚੈੱਕ ਬੈਂਕ ਵਿਚ ਲਗਾਏ, ਤਾਂ ਉਹ "ਖਾਤੇ ਵਿਚ ਪੈਸੇ ਘੱਟ ਹੋਣ" ਕਾਰਨ ਬਾਊਂਸ ਹੋ ਗਏ।
ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਾਇਆ ਕਿ ਦੋਸ਼ੀ ਨੇ ਕਾਨੂੰਨ ਦੀ ਪ੍ਰਵਾਹ ਨਾ ਕਰਦੇ ਹੋਏ ਸ਼ਿਕਾਇਤਕਰਤਾ ਨੂੰ ਪਰੇਸ਼ਾਨ ਕੀਤਾ ਹੈ। ਅਦਾਲਤ ਨੇ ਆਪਣੇ ਫ਼ੈਸਲੇ ਵਿਚ ਦੋਸ਼ੀ ਮਲਕੀਤ ਸਿੰਘ ਨੂੰ ਐੱਨਆਈ ਐਕਟ ਦੀ ਧਾਰਾ 138 ਤਹਿਤ ਇਕ ਸਾਲ ਦੀ ਸਧਾਰਨ ਕੈਦ ਸੁਣਾਈ ਗਈ। ਇਸ ਦੇ ਨਾਲ ਹੀ ਦੋਸ਼ੀ ਨੂੰ ਹੁਕਮ ਦਿੱਤਾ ਗਿਆ ਕਿ ਉਹ ਇਕ ਮਹੀਨੇ ਦੇ ਅੰਦਰ ਸ਼ਿਕਾਇਤਕਰਤਾ ਨੂੰ ਬਾਰਾਂ ਲੱਖ ਰੁਪਏ ਮੁਆਵਜ਼ੇ ਵਜੋਂ ਅਦਾ ਕਰੇ। ਜੇਕਰ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਤਾਂ ਸਜ਼ਾ ਵਿਚ ਵਾਧਾ ਕੀਤਾ ਜਾ ਸਕਦਾ ਹੈ।