ਪਾਬੰਦੀਸ਼ੁਦਾ ਗੋਲੀਆਂ ਦੇ ਮਾਮਲੇ ’ਚ ਫਸੇ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਖਾਰਜ
8400 ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿੱਚ ਫਸੇ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਅਦਾਲਤ ਵੱਲੋਂ ਖਾਰਜ
Publish Date: Sat, 24 Jan 2026 08:26 PM (IST)
Updated Date: Sun, 25 Jan 2026 04:22 AM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮਾਨਯੋਗ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦਿਆਂ ਭਾਰੀ ਮਾਤਰਾ ’ਚ ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਨਿਯਮਿਤ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕੇਸ ਦੀ ਗੰਭੀਰਤਾ ਨੂੰ ਦੇਖਦਿਆਂ ਮੁਲਜ਼ਮ ਨੂੰ ਕੋਈ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਘਟਨਾ 11 ਨਵੰਬਰ 2025 ਦੀ ਹੈ, ਜਦੋਂ ਥਾਣਾ ਮਾਜਰੀ ਦੀ ਪੁਲਿਸ ਪਾਰਟੀ ਚੀਮਾ ਇੱਟਾਂ ਦੇ ਭੱਠੇ ਨੇੜੇ ਗਸ਼ਤ ਤੇ ਸੀ। ਪੁਲਿਸ ਨੂੰ ਦੇਖ ਕੇ ਦੋ ਵਿਅਕਤੀਆਂ, ਜਿਨ੍ਹਾਂ ਦੀ ਪਛਾਣ ਸਫ਼ੀ ਮੁਹੰਮਦ ਤੇ ਦਰਸ਼ਨ ਸਿੰਘ ਵਜੋਂ ਹੋਈ, ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਕੋਲ ਫੜੇ ਪੋਲੀਥੀਨ ਸੜਕ ਕਿਨਾਰੇ ਸੁੱਟ ਦਿੱਤੇ। ਪੁਲਿਸ ਵੱਲੋਂ ਜਦੋਂ ਮੁਲਜ਼ਮ ਦਰਸ਼ਨ ਸਿੰਘ ਵੱਲੋਂ ਸੁੱਟੇ ਗਏ ਪੋਲੀਥੀਨ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਲੋਮੋਟਿਲ ਦੀਆਂ 140 ਪੱਤੀਆਂ (ਕੁੱਲ 8400 ਗੋਲੀਆਂ) ਬਰਾਮਦ ਹੋਈਆਂ। ਮੁਲਜ਼ਮ ਦੇ ਵਕੀਲ ਨੇ ਦਲੀਲ ਦਿੱਤੀ ਕਿ ਐਫ.ਆਈ.ਆਰ. ਝੂਠੀ ਹੈ ਅਤੇ ਅਜੇ ਤੱਕ ਐਫ.ਐਸ.ਐਲ. ਰਿਪੋਰਟ ਵੀ ਪ੍ਰਾਪਤ ਨਹੀਂ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮ ਦਾ ਪਿਛਲਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਸਰਕਾਰੀ ਵਕੀਲ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਬਰਾਮਦ ਕੀਤੀ ਗਈ ਮਾਤਰਾ ਵਪਾਰਕ ਸ਼੍ਰੇਣੀ ਵਿੱਚ ਆਉਂਦੀ ਹੈ, ਇਸ ਲਈ ਐਨ.ਡੀ.ਪੀ.ਐਸ. ਐਕਟ ਦੀ ਧਾਰਾ 37 ਦੇ ਤਹਿਤ ਮੁਲਜ਼ਮ ਜ਼ਮਾਨਤ ਦਾ ਹੱਕਦਾਰ ਨਹੀਂ ਹੈ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਬਰਾਮਦ ਹੋਈਆਂ 8400 ਗੋਲੀਆਂ ਦੀ ਮਾਤਰਾ ਬਹੁਤ ਜ਼ਿਆਦਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਵਪਾਰਕ ਮਾਤਰਾ ਦੇ ਮਾਮਲਿਆਂ ਵਿੱਚ ਸਖ਼ਤ ਕਾਨੂੰਨੀ ਨਿਯਮ ਲਾਗੂ ਹੁੰਦੇ ਹਨ। ਇਸ ਦੇ ਆਧਾਰ ਤੇ ਮੁਲਜ਼ਮ ਦਰਸ਼ਨ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ।