ਨਸ਼ਾ ਤਸਕਰੀ 'ਤੇ ਅਦਾਲਤ ਦਾ ਵੱਡਾ ਫੈਸਲਾ : ਦੋਸ਼ੀ ਨੂੰ 10 ਸਾਲ ਜੇਲ੍ਹ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ।
ਮੁਹਾਲੀ ਦੀ ਵਿਸ਼ੇਸ਼ ਅਦਾਲਤ ਵੱਲੋਂ ਨਸ਼ੀਲੇ ਪਦਾਰਥਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ, ਨਸ਼ੀਲੇ ਟੀਕਿਆਂ ਦੀ ਤਸਕਰੀ ਦੇ ਮਾਮਲੇ ਵਿਚ ਕਰਨ ਗੁਪਤਾ ਉਰਫ਼ ਮਿੱਠੂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੋਸ਼ੀ ਵਿਰੁੱਧ ਐੱਸਟੀਐੱਫ਼ ਫੇਜ਼-4 ਮੁਹਾਲੀ ਵੱਲੋਂ ਐੱਨਡੀਪੀਐੱਸ ਐਕਟ ਦੀ ਧਾਰਾ 22 ਅਤੇ 27 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
Publish Date: Sat, 10 Jan 2026 12:31 PM (IST)
Updated Date: Sat, 10 Jan 2026 12:34 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ। ਮੁਹਾਲੀ ਦੀ ਵਿਸ਼ੇਸ਼ ਅਦਾਲਤ ਵੱਲੋਂ ਨਸ਼ੀਲੇ ਪਦਾਰਥਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ, ਨਸ਼ੀਲੇ ਟੀਕਿਆਂ ਦੀ ਤਸਕਰੀ ਦੇ ਮਾਮਲੇ ਵਿਚ ਕਰਨ ਗੁਪਤਾ ਉਰਫ਼ ਮਿੱਠੂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੋਸ਼ੀ ਵਿਰੁੱਧ ਐੱਸਟੀਐੱਫ਼ ਫੇਜ਼-4 ਮੁਹਾਲੀ ਵੱਲੋਂ ਐੱਨਡੀਪੀਐੱਸ ਐਕਟ ਦੀ ਧਾਰਾ 22 ਅਤੇ 27 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਮਾਮਲਾ 13 ਅਗਸਤ 2022 ਦਾ ਹੈ, ਜਦੋਂ ਐੱਸਟੀਐੱਫ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਰਨ ਗੁਪਤਾ, ਵਾਸੀ ਸਾਂਤੇ ਮਾਜਰਾ ਕਾਲੋਨੀ, ਖਰੜ ਨਸ਼ੀਲੇ ਟੀਕਿਆਂ ਦੇ ਗ਼ੈਰ-ਕਾਨੂੰਨੀ ਕਾਰੋਬਾਰ ਵਿਚ ਸ਼ਾਮਲ ਹੈ। ਪੁਲਿਸ ਨੇ ਇੰਡਸਟਰੀਅਲ ਏਰੀਆ ਫੇਜ਼-7 ਮੁਹਾਲੀ ਨੇੜੇ ਨਾਕਾਬੰਦੀ ਦੌਰਾਨ ਕਰਨ ਗੁਪਤਾ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਇਕ ਲਿਫ਼ਾਫ਼ੇ ਵਿਚ ਨਸ਼ੀਲੇ ਟੀਕੇ ਲੈ ਕੇ ਜਾ ਰਿਹਾ ਸੀ।
ਬਰਾਮਦਗੀ ਅਤੇ ਜਾਂਚ
ਡੀਐੱਸਪੀ ਨਵਨੀਤ ਕੁਮਾਰ ਦੀ ਹਾਜ਼ਰੀ ਵਿਚ ਲਈ ਗਈ ਤਲਾਸ਼ੀ ਦੌਰਾਨ ਦੋਸ਼ੀ ਦੇ ਕਬਜ਼ੇ ਵਿਚੋਂ 22 ਨਸ਼ੀਲੇ ਟੀਕੇ ਅਤੇ 500 ਰੁਪਏ ਦੀ ਨਕਦੀ ਸਮੱਗਰੀ ਬਰਾਮਦ ਹੋਈ। ਜਾਂਚ ਦੌਰਾਨ ਦੋਸ਼ੀ ਦਾ ਡੋਪ ਟੈਸਟ ਵੀ ਕਰਵਾਇਆ ਗਿਆ, ਜਿਸ ਵਿਚ ਉਹ 'ਟਰਾਮਾਡੋਲ' ਪੋਜੀਟਿਵ ਪਾਇਆ ਗਿਆ, ਜਿਸ ਕਾਰਨ ਉਸ ਵਿਰੁੱਧ ਨਸ਼ੇ ਦੀ ਵਰਤੋਂ ਕਰਨ ਸਬੰਧੀ ਧਾਰਾ 27 ਦਾ ਵਾਧਾ ਕੀਤਾ ਗਿਆ।
ਅਦਾਲਤੀ ਕਾਰਵਾਈ ਅਤੇ ਮੁੱਖ ਨੁਕਤੇ
ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਨੇ ਟੀਕਿਆਂ ਦੇ ਬੈਂਚ ਨੰਬਰ ਅਤੇ ਬਣਾਉਣ ਵਾਲੀ ਕੰਪਨੀ ਦੇ ਨਾਮ ਵਿਚ ਫ਼ਰਕ ਹੋਣ ਦੀ ਦਲੀਲ ਦਿੱਤੀ ਸੀ। ਹਾਲਾਂਕਿ, ਅਦਾਲਤ ਨੇ ਧਾਰਾ 165 ਦੀ ਵਰਤੋਂ ਕਰਦੇ ਹੋਏ ਖ਼ੁਦ ਸੈਂਪਲ ਦੀ ਜਾਂਚ ਕੀਤੀ ਅਤੇ ਪਾਇਆ ਕਿ ਕੰਪਨੀ ਦਾ ਨਾਮ 'ਮੈਨੂਫੈਕਚਰਰ' ਅਤੇ 'ਮਾਰਕੀਟਰ' ਵਜੋਂ ਵੱਖ-ਵੱਖ ਲਿਖਿਆ ਹੋਇਆ ਸੀ, ਜਿਸ ਵਿਚ ਕੋਈ ਗ਼ੈਰ-ਕਾਨੂੰਨੀ ਤਬਦੀਲੀ ਨਹੀਂ ਪਾਈ ਗਈ। ਅਦਾਲਤ ਨੇ ਪ੍ਰੌਸੀਕਿਊਸ਼ਨ (ਸਰਕਾਰੀ ਪੱਖ) ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ 'ਤੇ ਭਰੋਸਾ ਪ੍ਰਗਟਾਉਂਦੇ ਹੋਏ ਦੋਸ਼ੀ ਨੂੰ ਸਜ਼ਾ ਸੁਣਾਈ ਹੈ।