ਨਸ਼ਾ ਤਸਕਰੀ ਮਾਮਲੇ ਵਿਚ ਅਦਾਲਤ ਨੇ ਮੁਲਜ਼ਮ ਨੂੰ ਕੀਤਾ ਬਰੀ, ਛੇ ਸਾਲਾ ਬਾਅਦ ਮਿਲੀ ਕਾਨੂੰਨੀ ਰਾਹਤ
ਨਸ਼ਾ ਤਸਕਰੀ ਮਾਮਲੇ ਵਿਚ ਅਦਾਲਤ ਨੇ ਮੁਲਜ਼ਮ ਨੂੰ ਕੀਤਾ ਬਰੀ, ਛੇ ਸਾਲਾ ਬਾਅਦ ਮਿਲੀ ਕਾਨੂੰਨੀ ਰਾਹਤ
Publish Date: Tue, 13 Jan 2026 07:48 PM (IST)
Updated Date: Tue, 13 Jan 2026 07:51 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੀ ਇਕ ਸਥਾਨਕ ਅਦਾਲਤ ਨੇ ਸਾਲ 2018 ਵਿਚ ਬਨੂੜ ਪੁਲਿਸ ਸਟੇਸ਼ਨ ਵਿਚ ਦਰਜ ਕੀਤੇ ਗਏ ਐੱਨਡੀਪੀਐੱਸ ਐਕਟ ਦੇ ਇਕ ਮਾਮਲੇ ਵਿਚ ਮੁਲਜ਼ਮ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਲਗਭਗ ਛੇ ਸਾਲਾ ਤੱਕ ਚੱਲੀ ਕਾਨੂੰਨੀ ਕਾਰਵਾਈ ਤੋਂ ਬਾਅਦ ਮੁਲਜ਼ਮ ਹਰਜੀਤ ਰਾਮ ਨੂੰ ਵੱਡੀ ਰਾਹਤ ਦਿੱਤੀ ਹੈ। ਪੁਲਿਸ ਅਨੁਸਾਰ, 7 ਜੁਲਾਈ 2018 ਨੂੰ ਏਐੱਸਆਈ ਸੁਖਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਬਨੂੜ ਟੋਲ ਬੈਰੀਅਰ ਨੇੜੇ ਮੌਜੂਦ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਤੇਪਲਾ ਵਾਲੇ ਪਾਸਿਓਂ ਆ ਰਹੇ ਇਕ ਵਿਅਕਤੀ (ਹਰਜੀਤ ਰਾਮ) ਅਤੇ ਇਕ ਮਹਿਲਾ ਨੇ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ। ਸ਼ੱਕ ਪੈਣ ਤੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ, ਤਾਂ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲ਼ੀਆਂ ਅਤੇ ਕੈਪਸੂਲ ਬਰਾਮਦ ਹੋਏ। ਪੁਲਿਸ ਰਿਕਾਰਡ ਅਨੁਸਾਰ, ਮੁਲਜ਼ਮਾਂ ਕੋਲੋਂ 10,800 ਲੋਮੋਟਿਲ ਗੋਲ਼ੀਆਂ, 264 ਸਪਾਸਮੋ ਪ੍ਰੌਕਸੀਵੋਨ ਕੈਪਸੂਲ ਅਤੇ 525 ਬੀਕਾਮ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ਸਨ। ਕੇਸ ਦੀ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਪੁਲਿਸ ਦੀ ਕਾਰਵਾਈ ਤੇ ਸਵਾਲ ਚੁੱਕਦਿਆਂ ਦਲੀਲ ਦਿੱਤੀ ਕਿ ਪੁਲਿਸ ਨੇ ਐੱਨਡੀਪੀਐੱਸ ਐਕਟ ਦੀਆਂ ਲਾਜ਼ਮੀ ਸ਼ਰਤਾਂ (ਤਲਾਸ਼ੀ ਅਤੇ ਗ੍ਰਿਫ਼ਤਾਰੀ ਦੇ ਨਿਯਮਾਂ) ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ। ਇਸ ਤੋਂ ਇਲਾਵਾ, ਕੇਸ ਵਿਚ ਕੋਈ ਵੀ ਸੁਤੰਤਰ ਗਵਾਹ ਸ਼ਾਮਲ ਨਹੀਂ ਕੀਤਾ ਗਿਆ ਸੀ ਅਤੇ ਪੁਲਿਸ ਦੇ ਆਪਣੇ ਗਵਾਹਾਂ ਦੇ ਬਿਆਨਾਂ ਵਿਚ ਵੀ ਕਾਫ਼ੀ ਫ਼ਰਕ ਪਾਇਆ ਗਿਆ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਅਤੇ ਰਿਕਾਰਡ ਦੀ ਜਾਂਚ ਕਰਨ ਤੋਂ ਬਾਅਦ ਪਾਇਆ ਕਿ ਇਸਤਗਾਸਾ ਪੱਖ ਆਪਣਾ ਕੇਸ ਪੁਖਤਾ ਸਬੂਤਾਂ ਨਾਲ ਸਾਬਤ ਕਰਨ ਵਿਚ ਅਸਫਲ ਰਿਹਾ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਪੁਲਿਸ ਪ੍ਰਕਿਰਿਆ ਵਿਚ ਕਮੀਆਂ ਅਤੇ ਗਵਾਹੀਆਂ ਵਿਚ ਤਾਲਮੇਲ ਦੀ ਘਾਟ ਕਾਰਨ ਮੁਲਜ਼ਮ ਨੂੰ ਸ਼ੱਕ ਦਾ ਲਾਭ ਦਿੱਤਾ ਜਾਂਦਾ ਹੈ।