ਮੁਹਾਲੀ ਅਦਾਲਤ ਵੱਲੋਂ ਕੈਬ ਚਾਲਕ ਦੀ ਮੌਤ ਦੇ ਮਾਮਲੇ ਵਿਚ ਦੋਸ਼ੀ ਦੀ ਸਜ਼ਾ ਬਰਕਰਾਰ; ਅਪੀਲ ਖਾਰਜ
ਕੈਬ ਚਾਲਕ ਦੀ ਮੌਤ ਦੇ ਮਾਮਲੇ ਵਿਚ ਦੋਸ਼ੀ ਦੀ ਸਜ਼ਾ ਬਰਕਰਾਰ; ਅਪੀਲ ਖਾਰਜ
Publish Date: Fri, 02 Jan 2026 08:43 PM (IST)
Updated Date: Fri, 02 Jan 2026 08:47 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੀ ਵਧੀਕ ਸੈਸ਼ਨ ਅਦਾਲਤ ਨੇ ਸਾਲ 2018 ਵਿਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੇ ਮਾਮਲੇ ਵਿਚ ਦੋਸ਼ੀ ਮੋਹਨ ਲਾਲ ਦੀ ਅਪੀਲ ਨੂੰ ਖਾਰਜ ਕਰਦਿਆਂ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਦੋ ਸਾਲ ਦੀ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਪਾਇਆ ਕਿ ਦੋਸ਼ੀ ਵੱਲੋਂ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਮੋਟਰਸਾਈਕਲ ਚਲਾਉਣ ਕਾਰਨ ਇਕ ਵਿਅਕਤੀ ਦੀ ਜਾਨ ਚਲੀ ਗਈ ਸੀ। ਘਟਨਾ 1 ਜੂਨ 2018 ਦੀ ਹੈ, ਜਦੋਂ ਅੰਮ੍ਰਿਤਪਾਲ ਸਿੰਘ (55) ਦਾਰਾ ਸਟੂਡੀਓ ਨੇੜੇ ਸੈਰ ਕਰ ਰਹੇ ਸਨ। ਦੋਸ਼ੀ ਮੋਹਨ ਲਾਲ, ਜੋ ਕਿ ਅੰਬਾਲਾ (ਹਰਿਆਣਾ) ਦਾ ਰਹਿਣ ਵਾਲਾ ਹੈ, ਨੇ ਆਪਣੇ ਮੋਟਰਸਾਈਕਲ ਨਾਲ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਸਿਰ ਤੇ ਲੱਗੀਆਂ ਗੰਭੀਰ ਸੱਟਾਂ ਕਾਰਨ ਅੰਮ੍ਰਿਤਪਾਲ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਥਾਣਾ ਫੇਜ਼-1 ਮੁਹਾਲੀ ਦੀ ਪੁਲਿਸ ਨੇ ਇਸ ਸਬੰਧੀ ਆਈਪੀਸੀ ਦੀਆਂ ਧਾਰਾਵਾਂ 279 ਅਤੇ 304-ਏ ਤਹਿਤ ਮਾਮਲਾ ਦਰਜ ਕੀਤਾ ਸੀ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ 16 ਦਸੰਬਰ 2021 ਨੂੰ ਮੋਹਨ ਲਾਲ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਸੀ, ਜਿਸ ਵਿਰੁੱਧ ਉਸ ਨੇ ਉੱਚ ਅਦਾਲਤ ਵਿਚ ਅਪੀਲ ਕੀਤੀ ਸੀ। ਅਪੀਲ ਦੀ ਸੁਣਵਾਈ ਦੌਰਾਨ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਸਰਕਾਰੀ ਪੱਖ ਦੀਆਂ ਦਲੀਲਾਂ ਅਤੇ ਚਸ਼ਮਦੀਦ ਗਵਾਹ ਰਣਜੀਤ ਸਿੰਘ ਦੇ ਬਿਆਨਾਂ ਨੂੰ ਸਹੀ ਮੰਨਦਿਆਂ ਅਪੀਲ ਖਾਰਜ ਕਰ ਦਿੱਤੀ। ਜ਼ਿਕਰਯੋਗ ਹੈ ਕਿ ਅਪੀਲ ਦੀ ਸੁਣਵਾਈ ਦੌਰਾਨ ਦੋਸ਼ੀ ਅਦਾਲਤ ਤੋਂ ਗ਼ੈਰ-ਹਾਜ਼ਰ ਰਿਹਾ, ਜਿਸ ਕਾਰਨ ਉਸ ਨੂੰ 19 ਜੁਲਾਈ 2024 ਨੂੰ ਇਸ਼ਤਿਹਾਰੀ ਘੋਸ਼ਿਤ ਕਰ ਦਿੱਤਾ ਗਿਆ ਸੀ। ਅਦਾਲਤ ਨੇ ਹੁਣ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੂੰ ਨਿਰਦੇਸ਼ ਦਿੱਤੇ ਹਨ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ ਤਾਂ ਜੋ ਉਹ ਆਪਣੀ ਸਜ਼ਾ ਪੂਰੀ ਕਰ ਸਕੇ।