ਕੁੱਤਿਆਂ ਨੂੰ ਰੋਟੀ ਪਾਉਣ ਨੂੰ ਲੈ ਕੇ ਹੋਇਆ ਵਿਵਾਦ
ਕੁੱਤਿਆਂ ਨੂੰ ਰੋਟੀ ਪਾਉਣ ਨੂੰ ਲੈ ਕੇ ਹੋਇਆ ਵਿਵਾਦ, ਗੁਆਂਢੀ ਨੇ ਵਕੀਲ 'ਤੇ ਹਮਲਾ ਕਰਕੇ ਕੀਤਾ ਜ਼ਖ਼ਮੀ
Publish Date: Mon, 09 Mar 2026 08:50 PM (IST)
Updated Date: Mon, 09 Mar 2026 08:51 PM (IST)

- ਗੁਆਂਢੀ ਨੇ ਵਕੀਲ ’ਤੇ ਹਮਲਾ ਕਰ ਕੇ ਕੀਤਾ ਜ਼ਖ਼ਮੀ ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਸਥਾਨਕ ਐਰੋਸਿਟੀ ਦੇ ਜੀ-ਬਲਾਕ ਵਿਚ ਆਵਾਰਾ ਕੁੱਤਿਆਂ ਨੂੰ ਖਾਣਾ ਖੁਆਉਣ ਦੇ ਮਾਮੂਲੀ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ। ਇੱਥੇ ਇਕ ਵਕੀਲ ’ਤੇ ਉਸ ਦੇ ਗੁਆਂਢੀ ਵੱਲੋਂ ਲਾਠੀ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਵਕੀਲ ਦੀ ਸ਼ਿਕਾਇਤ ’ਤੇ ਮੁਲਜ਼ਮ ਗੁਆਂਢੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਰੋਸਿਟੀ ਦੇ ਮਕਾਨ ਨੰਬਰ 6390 ਦੇ ਰਹਿਣ ਵਾਲੇ ਐਡਵੋਕੇਟ ਤਨੁਜ ਮਲਹੋਤਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਕੁਲਬੀਰ ਸੈਣੀ (ਮਕਾਨ ਨੰ. 6387) ਪਿਛਲੇ ਕੁੱਝ ਸਮੇਂ ਤੋਂ ਉਨ੍ਹਾਂ ਨਾਲ ਰੰਜਿਸ਼ ਰੱਖ ਰਿਹਾ ਸੀ। ਕੁਲਬੀਰ ਦਾ ਦੋਸ਼ ਸੀ ਕਿ ਤਨੁਜ ਉਸ ਦੇ ਘਰ ਦੇ ਨੇੜੇ ਆਵਾਰਾ ਕੁੱਤਿਆਂ ਨੂੰ ਖਾਣਾ ਖੁਆਉਂਦੇ ਹਨ, ਜਦਕਿ ਤਨੁਜ ਅਨੁਸਾਰ ਉਹ ਸਿਰਫ਼ ਉਸ ਗਲੀ ਵਿਚੋਂ ਲੰਘਦੇ ਹਨ ਅਤੇ ਖਾਣਾ ਕਿਤੇ ਦੂਰ ਜਾ ਕੇ ਪਾਉਂਦੇ ਹਨ। ਕਿੱਲਾਂ ਵਾਲੀ ਲਾਠੀ ਨਾਲ ਕੀਤਾ ਹਮਲਾ : ਘਟਨਾ ਵਾਲੇ ਦਿਨ ਜਦੋਂ ਤਨੁਜ ਕੁੱਤਿਆਂ ਨੂੰ ਖਾਣਾ ਖੁਆ ਕੇ ਵਾਪਸ ਪਰਤ ਰਹੇ ਸਨ, ਤਾਂ ਮੁਲਜ਼ਮ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਜਦੋਂ ਤਨੁਜ ਨੇ ਸ਼ਾਂਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁਲਬੀਰ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਆਪਣੇ ਘਰ ਦੇ ਅੰਦਰੋਂ ਇਕ ਲੰਮੀ ਲਾਠੀ ਲੈ ਆਇਆ, ਜਿਸ ਦੇ ਸਿਰੇ ’ਤੇ ਨੁਕੀਲੀਆਂ ਕਿੱਲਾਂ ਲੱਗੀਆਂ ਹੋਈਆਂ ਸਨ। ਮੁਲਜ਼ਮ ਨੇ ਲਾਠੀ ਨਾਲ ਤਨੁਜ ਦੇ ਸਿਰ ’ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਚਾਅ ਕਰਦੇ ਸਮੇਂ ਵਾਰ ਉਨ੍ਹਾਂ ਦੇ ਹੱਥ ਅਤੇ ਬਾਂਹ ਤੇ ਲੱਗਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਹਮਲੇ ਦੌਰਾਨ ਮੁਲਜ਼ਮ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ। ਜ਼ਖ਼ਮੀ ਹਾਲਤ ਵਿਚ ਤਨੁਜ ਮਲਹੋਤਰਾ ਨੂੰ ਢਕੌਲੀ ਦੇ ਸੀਐੱਚਸੀ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਕੁਲਬੀਰ ਸੈਣੀ ਦੇ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।