ਪਾਵਰਕਾਮ ’ਤੇ ਵੱਧ ਬਿੱਲ ਭੇਜਣ ਦਾ ਲਾਇਆ ਦੋਸ਼
ਵੱਧ ਬਿੱਲ ਭੇਜਣ ਦਾ ਖਪਤਕਾਰ ਨੇ ਲਾਇਆ ਦੋਸ਼
Publish Date: Tue, 10 Feb 2026 06:29 PM (IST)
Updated Date: Wed, 11 Feb 2026 04:08 AM (IST)

ਫੋਟੋ ਕੈਪਸ਼ਨ : ਮੋਬਾਈਲ ਫੋਨ ’ਚ ਆਨਲਾਈਨ ਆਏ ਬਿੱਲ ਦਾ ਮੈਸੇਜ। 3ਪੀ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਨਗਰ ਕੌਂਸਲ ਲਾਲੜੂ ਦੇ ਇਕ ਵਸਨੀਕ ਨੇ ਪਾਵਰਕਾਮ ’ਤੇ ਵੱਧ ਬਿੱਲ ਭੇਜਣ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਲੜੂ ਦੀ ਵੱਡੀ ਧਰਮਸ਼ਾਲਾ ਨੇੜੇ ਰਹਿੰਦੇ ਕੁਲਬੀਰ ਸਿੰਘ ਪੁੱਤਰ ਜਤਨ ਸਿੰਘ ਨੇ ਦੱਸਿਆ ਕਿ ਉਸ ਕੋਲ ਪਾਵਰਕਾਮ ਦਾ ਘਰੇਲੂ ਕੁਨੈਕਸ਼ਨ ਹੈ ਤੇ ਉਹ ਉਸ ਕੁਨੈਕਸ਼ਨ ’ਤੇ ਦੋ ਪੱਖੇ ਤੇ ਚਾਰ ਬੱਲਬ ਚਲਾਉਂਦੇ ਹਨ ਤੇ ਪਿਛਲੇ ਕਰੀਬ ਡੇਢ ਸਾਲ ਤੋਂ ਉਨ੍ਹਾਂ ਦਾ ਬਿੱਲ ਨਹੀਂ ਆ ਰਿਹਾ ਸੀ। ਕੁਲਬੀਰ ਸਿੰਘ ਨੇ ਦੱਸਿਆ ਕਿ ਉਹ ਸਮਝ ਰਹੇ ਸਨ ਕਿ ਪੰਜਾਬ ਸਰਕਾਰ ਵੱਲੋਂ 300 ਯੂਨਿਟਾਂ ਮੁਫ਼ਤ ਹੋਣ ਕਾਰਨ ਉਨ੍ਹਾਂ ਦਾ ਬਿੱਲ ਨਹੀਂ ਆ ਰਿਹਾ ਪਰ ਅਚਾਨਕ ਉਨ੍ਹਾਂ ਕੋਲ 52,600 ਰੁਪਏ ਦਾ ਬਿੱਲ ਆ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਬਿਜਲੀ ਬੋਰਡ ਦੇ ਸਥਾਨਕ ਅਧਿਕਾਰੀਆਂ ਨੂੰ ਵੀ ਮਿਲੇ ਪਰ ਉੱਥੋਂ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਕੁਲਬੀਰ ਸਿੰਘ ਨੇ ਇਸ ਮਾਮਲੇ ’ਚ ਉੱਚ ਅਧਿਕਾਰੀਆਂ ਤੋਂ ਦਖ਼ਲ ਅੰਦਾਜ਼ੀ ਦੀ ਮੰਗ ਕਰਦਿਆਂ ਅਸਲੀਅਤ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਐੱਸਡੀਓ ਦਵਿੰਦਰ ਕੁਮਾਰ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਪੜਤਾਲ ਮੁਤਾਬਕ ਇਹ ਬਿੱਲ ਸਮਾਰਟ ਮੀਟਰ ਵੱਲੋਂ ਚੁੱਕੀ ਰੀਡਿੰਗ ਕਾਰਨ ਆਇਆ ਹੈ ਤੇ ਇਸ ਸਬੰਧੀ 22 ਫਰਵਰੀ ਨੂੰ ਸਾਈਟ ਖੁੱਲ੍ਹਣ ’ਤੇ ਬਿੱਲ ’ਚ ਸੋਧ ਕਰ ਦਿੱਤੀ ਜਾਵੇਗੀ।