ਢਕੌਲੀ ਰੇਲਵੇ ਫਾਟਕ ’ਤੇ ਓਵਰਬ੍ਰਿਜ ਦਾ ਨਿਰਮਾਣ ਹੁਣ ਫ਼ੈਸਲਾਕੁੰਨ ਮੋੜ 'ਤੇ
ਢਕੌਲੀ ਰੇਲਵੇ ਫਾਟਕ 'ਤੇ ਓਵਰਬ੍ਰਿਜ ਦਾ ਨਿਰਮਾਣ ਹੁਣ ਫ਼ੈਸਲਾਕੁਨ ਮੋੜ 'ਤੇ,
Publish Date: Mon, 23 Mar 2026 09:51 PM (IST)
Updated Date: Mon, 23 Mar 2026 09:55 PM (IST)

- 25 ਮਾਰਚ ਨੂੰ ਰੇਲਵੇ ਤੇ ਪ੍ਰਸ਼ਾਸਨ ਕਰੇਗਾ ਸਾਂਝਾ ਨਿਰੀਖਣ, ਰੇਲਵੇ ਵੱਲੋਂ ਡਿਪਟੀ ਕਮਿਸ਼ਨਰ ਨੂੰ ਪੱਤਰ ਜਾਰੀ ਟੀਪੀਐੱਸ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਢਕੌਲੀ ਰੇਲਵੇ ਫਾਟਕ ਤੇ ਰੇਲਵੇ ਓਵਰਬ੍ਰਿਜ ਬਣਾਉਣ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਹੁਣ ਇਕ ਵਾਰ ਫਿਰ ਗਰਮਾ ਗਈ ਹੈ। ਉੱਤਰੀ ਰੇਲਵੇ ਦੇ ਡਿਪਟੀ ਚੀਫ਼ ਇੰਜੀਨੀਅਰ ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਇਕ ਅਹਿਮ ਪੱਤਰ ਲਿਖ ਕੇ 25 ਮਾਰਚ ਨੂੰ ਸਵੇਰੇ 9 ਵਜੇ ਮੌਕੇ ਤੇ ਸਾਰੇ ਸਬੰਧਤ ਵਿਭਾਗਾਂ ਦਾ ਸਾਂਝਾ ਨਿਰੀਖਣ ਕਰਨ ਲਈ ਕਿਹਾ ਗਿਆ ਹੈ। ਇਸ ਇੰਸਪੈਕਸ਼ਨ ਨੂੰ ਓਵਰਬ੍ਰਿਜ ਪ੍ਰੋਜੈਕਟ ਦੇ ਨਿਰਮਾਣ ਦੀ ਦਿਸ਼ਾ ਵਿਚ ਹੁਣ ਤੱਕ ਦਾ ਸਭ ਤੋਂ ਅਹਿਮ ਪੜਾਅ ਮੰਨਿਆ ਜਾ ਰਿਹਾ ਹੈ, ਜੋ ਇਸ ਦੀ ਫਿਜੀਬਿਲਟੀ (ਸੰਭਾਵਨਾ) ਅਤੇ ਤਕਨੀਕੀ ਅੜਿੱਕਿਆਂ ਨੂੰ ਸਪਸ਼ਟ ਕਰੇਗਾ। ਸਾਰੇ ਵਿਭਾਗਾਂ ਦਾ ਮੌਕੇ ਤੇ ਹੋਣਾ ਲਾਜ਼ਮੀ : ਰੇਲਵੇ ਵੱਲੋਂ ਭੇਜੇ ਗਏ ਪੱਤਰ ਵਿਚ ਸਪਸ਼ਟ ਹਦਾਇਤ ਕੀਤੀ ਗਈ ਹੈ ਕਿ ਇਸ ਸਾਂਝੀ ਜਾਂਚ ਦੌਰਾਨ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜਸਾਧਕ ਅਫ਼ਸਰ, ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ, ਜ਼ੀਰਕਪੁਰ ਦੇ ਤਹਿਸੀਲਦਾਰ ਅਤੇ ਹੋਰ ਸਬੰਧਤ ਵਿਭਾਗਾਂ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਇਸ ਦਾ ਮੁੱਖ ਮਕਸਦ ਇਹ ਹੈ ਕਿ ਮੌਕੇ ਤੇ ਹੀ ਸਾਰੇ ਤਕਨੀਕੀ ਅਤੇ ਪ੍ਰਸ਼ਾਸਨਿਕ ਮਾਮਲਿਆਂ ਨੂੰ ਨਿਪਟਾਇਆ ਜਾ ਸਕੇ ਤਾਂ ਜੋ ਭਵਿੱਖ ਵਿਚ ਕਿਸੇ ਵਿਭਾਗ ਵੱਲੋਂ ਐੱਨਓਸੀ ਲੈਣ ਵਿਚ ਕੋਈ ਦੇਰੀ ਜਾਂ ਰੁਕਾਵਟ ਨਾ ਆਵੇ। ਭਾਰੀ ਟ੍ਰੈਫਿਕ ਅਤੇ ਜਨਤਕ ਸੁਰੱਖਿਆ ਦਾ ਗੰਭੀਰ ਮੁੱਦਾ : ਜ਼ਿਕਰਯੋਗ ਹੈ ਕਿ ਢਕੌਲੀ ਰੇਲਵੇ ਫਾਟਕ ਖੇਤਰ ਦਾ ਸਭ ਤੋਂ ਰੁਝੇਵਿਆਂ ਵਾਲਾ ਕੇਂਦਰ ਹੈ। ਇਹ ਫਾਟਕ ਨਾ ਸਿਰਫ਼ ਜ਼ੀਰਕਪੁਰ ਅਤੇ ਢਕੌਲੀ ਨੂੰ ਜੋੜਦਾ ਹੈ, ਸਗੋਂ ਪੀਰਮੁਛੱਲਾ, ਕਿਸ਼ਨਪੁਰਾ ਅਤੇ ਸੈਂਕੜੇ ਰਿਹਾਇਸ਼ੀ ਸੁਸਾਇਟੀਆਂ ਦੇ ਹਜ਼ਾਰਾਂ ਲੋਕਾਂ ਦਾ ਮੁੱਖ ਰਸਤਾ ਹੈ। ਰੋਜ਼ਾਨਾ ਇਸ ਟਰੈਕ ਤੋਂ 40 ਤੋਂ ਵੱਧ ਰੇਲਗੱਡੀਆਂ ਲੰਘਦੀਆਂ ਹਨ, ਜਿਸ ਕਾਰਨ ਫਾਟਕ ਵਾਰ-ਵਾਰ ਬੰਦ ਹੁੰਦਾ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਇੱਥੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣਾ ਆਮ ਗੱਲ ਹੈ। ਸਭ ਤੋਂ ਵੱਡੀ ਚਿੰਤਾ ਜਨਤਕ ਸੁਰੱਖਿਆ ਨੂੰ ਲੈ ਕੇ ਹੈ। ਫਾਟਕ ਦੇ ਦੂਜੇ ਪਾਸੇ ਢਕੌਲੀ ਦਾ ਪੁਲਿਸ ਥਾਣਾ ਅਤੇ ਖੇਤਰ ਦਾ ਇਕਲੌਤਾ ਸਰਕਾਰੀ ਸਿਵਲ ਹਸਪਤਾਲ ਸਥਿਤ ਹੈ। ਐਮਰਜੈਂਸੀ ਹਾਲਤ ਵਿਚ ਜਦੋਂ ਐਂਬੂਲੈਂਸਾਂ ਫਾਟਕ ਤੇ ਫਸ ਜਾਂਦੀਆਂ ਹਨ, ਤਾਂ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਬਣ ਜਾਂਦਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਓਵਰਬ੍ਰਿਜ ਦੀ ਅਣਹੋਂਦ ਕਾਰਨ ਉਹ ਹਮੇਸ਼ਾ ਪਰੇਸ਼ਨੀ ਦੇ ਸਾਏ ਹੇਠ ਰਹਿੰਦੇ ਹਨ। ਕਾਗਜ਼ੀ ਕਾਰਵਾਈ ਤੋਂ ਅੱਗੇ ਵਧਣ ਦੀ ਉਮੀਦ : ਹਾਲਾਂਕਿ ਇਸ ਪ੍ਰੋਜੈਕਟ ਸਬੰਧੀ ਪਹਿਲਾਂ ਵੀ ਤਤਕਾਲੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਦੌਰੇ ਕੀਤੇ ਗਏ ਸਨ ਅਤੇ ਇਕ ਪ੍ਰਸਤਾਵਿਤ ਨਕਸ਼ਾ ਵੀ ਤਿਆਰ ਹੈ, ਪਰ ਜ਼ਮੀਨੀ ਪੱਧਰ ਤੇ ਕੰਮ ਸ਼ੁਰੂ ਨਾ ਹੋਣ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਰੇਲਵੇ ਦੇ ਸੂਤਰਾਂ ਅਨੁਸਾਰ, ਵਿਭਾਗ ਨੇ ਇਸ ਪ੍ਰੋਜੈਕਟ ਲਈ ਇਕ ਏਜੰਸੀ ਵੀ ਪਹਿਲਾਂ ਹੀ ਤੈਅ ਕਰ ਲਈ ਹੈ, ਜਿਵੇਂ ਹੀ 25 ਮਾਰਚ ਦੀ ਇੰਸਪੈਕਸ਼ਨ ਵਿਚ ਸਾਰੇ ਵਿਭਾਗ ਹਰੀ ਝੰਡੀ ਦਿੰਦੇ ਹਨ, ਟੈਂਡਰ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਲੋਕਾਂ ਦੀਆਂ ਨਜ਼ਰਾਂ 25 ਮਾਰਚ ਤੇ : ਹੁਣ ਜਦੋਂ ਰੇਲਵੇ ਨੇ ਖ਼ੁਦ ਪਹਿਲਕਦਮੀ ਕਰਦਿਆਂ ਸਾਂਝੀ ਜਾਂਚ ਦਾ ਸੱਦਾ ਦਿੱਤਾ ਹੈ, ਤਾਂ ਖੇਤਰ ਦੇ ਲੋਕਾਂ ਵਿਚ ਇਕ ਵਾਰ ਫਿਰ ਉਮੀਦ ਦੀ ਕਿਰਨ ਜਾਗੀ ਹੈ। ਹੁਣ ਸਵਾਲ ਇਹ ਹੈ ਕਿ ਕੀ 25 ਮਾਰਚ ਦੀ ਇਹ ਕਾਰਵਾਈ ਸਿਰਫ਼ ਇਕ ਹੋਰ ਸਰਕਾਰੀ ਦੌਰਾ ਬਣ ਕੇ ਰਹਿ ਜਾਵੇਗੀ ਜਾਂ ਫਿਰ ਢਕੌਲੀ ਵਾਸੀਆਂ ਨੂੰ ਸਾਲਾਂ ਤੋਂ ਲੱਗ ਰਹੇ ਜਾਮ ਤੋਂ ਸਥਾਈ ਮੁਕਤੀ ਮਿਲੇਗੀ। ਪ੍ਰਸ਼ਾਸਨ ਵੱਲੋਂ ਇਸ ਮੁੱਦੇ ਤੇ ਦਿਖਾਈ ਜਾ ਰਹੀ ਗੰਭੀਰਤਾ ਹੀ ਪ੍ਰੋਜੈਕਟ ਦੀ ਸਫ਼ਲਤਾ ਤੈਅ ਕਰੇਗੀ।