ਬਿਜਲੀ ਦੇ ਲੰਬੇ ਕੱਟਾਂ ਕਾਰਨ ਲੋਕ ਪਰੇਸ਼ਾਨ, ਦਿੱਤਾ ਮੰਗ ਪੱਤਰ
ਲੰਬੇ ਕੱਟਾਂ ਤੋਂ ਪਰੇਸ਼ਾਨ ਕਾਂਗਰਸੀ ਆਗੂ ਅਤੇ ਸਰਪੰਚ ਪਹੁੰਚੇ ਬਿਜਲੀ ਘਰ, ਦਿੱਤਾ ਮੰਗ ਪੱਤਰ
Publish Date: Mon, 16 Mar 2026 09:47 PM (IST)
Updated Date: Mon, 16 Mar 2026 09:49 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ
ਮੁੱਲਾਂਪੁਰ ਗਰੀਬਦਾਸ : ਬਿਜਲੀ ਦੇ ਲੱਗਦੇ ਲੰਬੇ ਕੱਟਾਂ ਤੋਂ ਪਰੇਸ਼ਾਨ ਹੋ ਕੇ ਕਾਂਗਰਸ ਦੇ ਸੀਨੀਅਰ ਆਗੂ ਦੀ ਅਗਵਾਈ ਵਿਚ ਕਈ ਪਿੰਡਾਂ ਦੇ ਸਰਪੰਚ ਬਿਜਲੀ ਘਰ 66 ਕੇਵੀ ਮੁੱਲਾਂਪੁਰ ਗਰੀਬਦਾਸ ਪਹੁੰਚੇ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਸਤਵਿੰਦਰ ਸਿੰਘ ਨੰਬਰਦਾਰ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ ਪਿੰਡਾਂ ਵਿਚ ਬਿਜਲੀ ਦੇ ਲੰਬੇ ਕੱਟ ਲੱਗ ਰਹੇ ਹਨ, ਜਿਸ ਨਾਲ ਪਿੰਡਾਂ ਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਾਰੋਬਾਰ ’ਤੇ ਵੱਡਾ ਅਸਰ ਪੈ ਰਿਹਾ ਹੈ। ਇਸ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ’ਤੇ ਵੀ ਵੱਡਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪਿੰਡਾਂ ਦੇ ਨਜ਼ਦੀਕ ਸੁਸਾਇਟੀਆਂ ਬਣੀਆਂ ਹਨ, ਉਦੋਂ ਤੋਂ ਪਿੰਡਾਂ ਦੀ ਸਪਲਾਈ ਘੱਟ ਹੋ ਗਈ ਅਤੇ ਸੁਸਾਇਟੀਆਂ ਵਿਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦੇ ਪਾਰਕਾਂ ਵਿਚ ਵੀ ਹਰ ਸਮੇਂ ਲਾਈਟਾਂ ਜਗਦੀਆਂ ਰਹਿੰਦੀਆਂ ਹਨ, ਜਦਕਿ ਪਿੰਡਾਂ ਦੀ ਜ਼ਮੀਨ ’ਤੇ ਇਹ ਸੁਸਾਇਟੀ ਬਣੀਆਂ ਹਨ ਪਰ ਪਿੰਡਾਂ ਦੀ ਬਿਜਲੀ ਲਾਈਨ ਅਲੱਗ ਕਰ ਕੇ ਪਿੰਡਾਂ ਦੇ ਲੋਕਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਜੋਕਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸੱਤ ਤੋਂ ਅੱਠ ਪਿੰਡਾਂ ਦੇ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਬਿੱਲਾ ਅਤੇ ਮੋਹਤਬਰ ਸੱਜਣ ਮੰਗ ਪੱਤਰ ਦੇਣ ਲਈ ਬਿਜਲੀ ਬੋਰਡ ਦੇ ਦਫ਼ਤਰ ਪਹੁੰਚੇ ਸਨ ਪਰ ਮੌਕੇ ’ਤੇ ਐੱਸਡੀਓ ਮੁੱਲਾਂਪੁਰ ਗਰੀਬਦਾਸ ਦਫ਼ਤਰ ਵਿਚ ਨਹੀਂ ਮਿਲੇ। ਜਿਸ ਤੋਂ ਬਾਅਦ ਇਹ ਮੰਗ ਪੱਤਰ ਰੈਵੇਨਿਊ ਅਕਾਊਂਟੈਂਟ ਸੁਖਵਿੰਦਰ ਸਿੰਘ ਨੂੰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਜਲਦ ਸਮੱਸਿਆ ਦਾ ਹੱਲ ਨਹੀਂ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਦੌਰਾਨ ਪਿੰਡ ਭੜੌਜੀਆਂ ਦੇ ਸਰਪੰਚ ਤੇਜਵੀਰ ਸਿੰਘ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ, ਸਰਪੰਚ ਰਜਿੰਦਰ ਕੌਰ ਢੋਡੇ ਮਾਜਰਾ, ਸਰਪੰਚ ਗੁਰਦੇਵ ਕੌਰ ਫਿਰੋਜ਼ਪੁਰ, ਸਰਪੰਚ ਮਨਜੀਤ ਕੌਰ ਸਲਾਮਤਪੁਰ, ਸਰਪੰਚ ਮਲਕੀਤ ਸਿੰਘ ਰਸੂਲਪੁਰ, ਸਰਪੰਚ ਜਤਿੰਦਰ ਸਿੰਘ, ਸਰਬਜੀਤ ਸਿੰਘ, ਅਮਰ ਸਿੰਘ ਭੜੌਜੀਆਂ, ਸ਼ਰਨਦੀਪ ਸਿੰਘ, ਸਤਨਾਮ ਸਿੰਘ ਮਿੰਟੂ ਰਾਣੀ ਮਾਜਰਾ, ਪਰਮਿੰਦਰ ਸਿੰਘ ਸਲਾਮਤਪੁਰ ਆਦਿ ਹਾਜ਼ਰ ਸਨ।