ਕਾਂਗਰਸ ਦਲਿਤ ਵਿਰੋਧੀ ਪਾਰਟੀ : ਡਾ. ਆਹਲੂਵਾਲੀਆ
ਕਾਂਗਰਸ ਦਲਿਤ ਵਿਰੋਧੀ ਪਾਰਟੀ : ਡਾ. ਸੰਨੀ ਸਿੰਘ ਆਹਲੂਵਾਲੀਆ
Publish Date: Tue, 10 Feb 2026 06:37 PM (IST)
Updated Date: Wed, 11 Feb 2026 04:09 AM (IST)
* ਕਿਹਾ, ਕਾਂਗਰਸ ਹਮੇਸ਼ਾ ਦਲਿਤਾਂ ਨੂੰ ਵੋਟ ਬੈਂਕ ਵਜੋਂ ਵਰਤਦੀ ਆਈ
ਫੋਟੋ ਕੈਪਸ਼ਨ : ਡਾ. ਸੰਨੀ ਸਿੰਘ ਆਹਲੂਵਾਲੀਆ। 2ਪੀ
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ
ਐੱਸਏਐੱਸ ਨਗਰ : ਖ਼ੁਦ ਨੂੰ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਕਹਿਣ ਵਾਲੀ ਕਾਂਗਰਸ ਪਾਰਟੀ ਹਮੇਸ਼ਾ ਹੀ ਦਲਿਤ ਵਿਰੋਧੀ ਸੋਚ ਰੱਖਦੀ ਆਈ ਹੈ। ਇਸ ਦੇ ਤਾਜ਼ਾ ਉਦਾਹਰਣ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਦਲਿਤ ਭਾਈਚਾਰੇ ਵਿਰੁੱਧ ਦਿੱਤੇ ਗਏ ਬਿਆਨਾਂ ਤੋਂ ਸਾਫ਼ ਸਾਹਮਣੇ ਆਏ ਹਨ। ਇਹ ਗੱਲ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਹੀ।
ਡਾ. ਸੰਨੀ ਆਹਲੂਵਾਲੀਆ ਨੇ ਕਿਹਾ, ''ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਕਾਂਗਰਸ ਦੀ ਦਲਿਤ ਵਿਰੋਧੀ ਸੋਚ ਨੂੰ ਬੇਨਕਾਬ ਕਰਦੀ ਹੈ।''
ਉਨ੍ਹਾਂ ਕਿਹਾ, ''ਕਿ ਕੁੱਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਾਬਕਾ ਕੇਂਦਰੀ ਮੰਤਰੀ ਮਰਹੂਮ ਬੂਟਾ ਸਿੰਘ ਬਾਰੇ ਗ਼ਲਤ ਬਿਆਨ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਕਾਂਗਰਸ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਦਲਿਤ ਐੱਮਐੱਲਏ ਨੂੰ “ਮੈਟੀਰੀਅਲ” ਕਹਿ ਕੇ ਸੰਬੋਧਨ ਕੀਤਾ ਗਿਆ ਸੀ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਦਲਿਤ ਭਾਈਚਾਰੇ ਨਾਲ ਸਬੰਧਤ ਮੰਤਰੀ ਅਤੇ ਐੱਮਐੱਲਏ ਨੂੰ ਬੈਂਡ-ਵਾਜੇ ਵਾਲਾ ਅਤੇ ਮੋਬਾਈਲ ਠੀਕ ਕਰਨ ਵਾਲਾ ਕਹਿ ਕੇ ਸੰਬੋਧਤ ਕੀਤਾ ਗਿਆ, ਜੋ ਦਲਿਤ ਭਾਈਚਾਰੇ ਦੀ ਬੇਇੱਜ਼ਤੀ ਹੈ। ਕਾਂਗਰਸ ਹਮੇਸ਼ਾ ਦਲਿਤਾਂ ਨੂੰ ਵੋਟ ਬੈਂਕ ਵਜੋਂ ਵਰਤਦੀ ਆਈ ਹੈ।
ਡਾ. ਆਹਲੂਵਾਲੀਆ ਨੇ ਕਿਹਾ ਕਿ ਕਾਂਗਰਸ ਆਗੂਆਂ ਨੂੰ ਦਲਿਤ ਅਤੇ ਗਰੀਬ ਘਰਾਂ ਦੇ ਬੱਚਿਆਂ ਦਾ ਰਾਜਨੀਤੀ ਵਿਚ ਅੱਗੇ ਆਉਣਾ ਕਬੂਲ ਨਹੀਂ। ਕਾਂਗਰਸ ਸਿਰਫ਼ ਅਮੀਰ ਵਰਗ ਦੇ ਲੋਕਾਂ ਨੂੰ ਹੀ ਤਰਜੀਹ ਦਿੰਦੀ ਹੈ। ਇਸਦਾ ਉਦਾਹਰਣ ਮੁਹਾਲੀ ਵਿਚ ਵੀ ਸਾਹਮਣੇ ਹੈ, ਜਿੱਥੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਨੂੰ ਹੀ ਰਾਜਨੀਤੀ ਵਿਚ ਅੱਗੇ ਕੀਤਾ ਜਾ ਰਿਹਾ ਹੈ। ਪਹਿਲਾਂ ਆਪਣੇ ਭਰਾ ਨੂੰ ਮੇਅਰ ਬਣਾਇਆ ਗਿਆ ਅਤੇ ਹੁਣ ਆਪਣੇ ਪੁੱਤਰ ਨੂੰ ਅੱਗੇ ਕਰਕੇ ਗਰੀਬ ਅਤੇ ਦਲਿਤ ਘਰਾਂ ਦੇ ਆਗੂਆਂ ਦਾ ਹੱਕ ਮਾਰਿਆ ਜਾ ਰਿਹਾ ਹੈ। ਇਹ ਸਭ ਕਾਂਗਰਸ ਦੀ ਦਲਿਤ ਅਤੇ ਗਰੀਬ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ।