ਕਮਿਸ਼ਨ ਮੈਂਬਰ ਗੁੰਜੀਤ ਰੁਚੀ ਬਾਵਾ ਵੱਲੋਂ ਕੈਬਿਨਟ ਮੰਤਰੀ ਕਟਾਰੂਚੱਕ ਨਾਲ ਮੁਲਾਕਾਤ; ਪੰਜਾਬ ਦੇ ਵਿਕਾਸ ਅਤੇ ਭਲਾਈ ਸਬੰਧੀ ਵਿਚਾਰ-ਵਟਾਂਦਰਾ
ਕਮਿਸ਼ਨ ਮੈਂਬਰ ਗੁੰਜੀਤ ਰੁਚੀ ਬਾਵਾ ਵੱਲੋਂ ਕੈਬਿਨਟ ਮੰਤਰੀ ਕਟਾਰੂਚੱਕ ਨਾਲ ਮੁਲਾਕਾਤ;
Publish Date: Wed, 11 Feb 2026 07:43 PM (IST)
Updated Date: Wed, 11 Feb 2026 07:44 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਰਾਜ ਬੱਚਿਆਂ ਦੇ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਵਾਈਸ ਚੇਅਰਪਰਸਨ ਗੁੰਜੀਤ ਰੁਚੀ ਬਾਵਾ ਨੇ ਮੁਹਾਲੀ ਸਥਿਤ ਵਣ ਭਵਨ ਵਿਖੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਦੇ ਸਮੁੱਚੇ ਵਿਕਾਸ ਅਤੇ ਭਲਾਈ ਨਾਲ ਸਬੰਧਤ ਮਾਮਲਿਆਂ ’ਤੇ ਖ਼ਾਸ ਕਰ ਕੇ ਔਰਤਾਂ ਅਤੇ ਬੱਚਿਆਂ ਦੀ ਭਲਾਈ ਨੂੰ ਧਿਆਨ ਵਿਚ ਰੱਖਦਿਆਂ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਨੇ ਬੱਚਿਆਂ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ, ਬਾਲ ਅਧਿਕਾਰਾਂ ਬਾਰੇ ਜਾਗਰੂਕਤਾ ਵਧਾਉਣ ਅਤੇ ਮਹਿਲਾ ਸਸ਼ਕਤੀਕਰਨ ਲਈ ਵਧੀਆ ਮੌਕੇ ਪੈਦਾ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਵੱਖ-ਵੱਖ ਵਿਭਾਗਾਂ ਵਿਚਕਾਰ ਸਹਿਯੋਗ ਵਧਾਉਣ ਦੀ ਲੋੜ ’ਤੇ ਵੀ ਚਰਚਾ ਕੀਤੀ ਤਾਂ ਜੋ ਸਰਕਾਰੀ ਯੋਜਨਾਵਾਂ ਅਤੇ ਭਲਾਈ ਪ੍ਰੋਗਰਾਮ ਸਮਾਜ ਦੇ ਹਰ ਵਰਗ ਤੱਕ, ਖ਼ਾਸ ਕਰਕੇ ਲੋੜਵੰਦ ਲੋਕਾਂ ਤੱਕ, ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕਣ। ਇਸ ਮੌਕੇ ਗੁੰਜੀਤ ਰੁਚੀ ਬਾਵਾ ਨੇ ਕਿਹਾ, “ਪੰਜਾਬ ਦੀ ਤਰੱਕੀ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਸੰਭਾਲ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਕਿੰਨਾ ਯੋਗਦਾਨ ਪਾਉਂਦੇ ਹਾਂ। ਸਾਂਝੀ ਸੋਚ ਅਤੇ ਵਚਨਬੱਧਤਾ ਨਾਲ ਅਸੀਂ ਆਉਣ ਵਾਲੀ ਪੀੜ੍ਹੀ ਲਈ ਇਕ ਸੁਰੱਖਿਅਤ, ਮਜ਼ਬੂਤ ਅਤੇ ਖੁਸ਼ਹਾਲ ਭਵਿੱਖ ਨਿਰਮਾਣ ਕਰ ਸਕਦੇ ਹਾਂ।” ਮੁਲਾਕਾਤ ਸਕਾਰਾਤਮਕ ਮਾਹੌਲ ਵਿਚ ਸੰਪੰਨ ਹੋਈ ਅਤੇ ਦੋਵਾਂ ਨੇ ਪੰਜਾਬ ਦੇ ਸਮੁੱਚੇ ਵਿਕਾਸ ਅਤੇ ਲੋਕ ਭਲਾਈ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਦੁਹਰਾਇਆ।