ਕਾਲਜ ਦੇ ਵਿਦਿਆਰਥੀਆਂ ਵੱਲੋਂ ਨੈਸ਼ਨਲ ਲੋਕ ਅਦਾਲਤ ਦਾ ਦੌਰਾ
ਕਾਲਜ ਦੇ ਵਿਦਿਆਰਥੀਆਂ ਵੱਲੋਂ ਨੈਸ਼ਨਲ ਲੋਕ ਅਦਾਲਤ ਦਾ ਦੌਰਾ
Publish Date: Mon, 16 Mar 2026 05:52 PM (IST)
Updated Date: Mon, 16 Mar 2026 05:55 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਯੂਨੀਵਰਸਲ ਲਾਅ ਕਾਲਜ ਦੇ ਵਿਦਿਆਰਥੀਆਂ ਵੱਲੋਂ ਮੁਹਾਲੀ ਦੀ ਅਦਾਲਤ ਵਿਚ ਲੱਗੀ ਨੈਸ਼ਨਲ ਲੋਕ ਅਦਾਲਤ ਦਾ ਸਿੱਖਿਆਤਮਕ ਦੌਰਾ ਕੀਤਾ ਗਿਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਾਨੂੰਨੀ ਪ੍ਰਣਾਲੀ ਦੇ ਕਾਰਜ ਬਾਰੇ ਪ੍ਰਯੋਗਿਕ ਜਾਣਕਾਰੀ ਦੇਣਾ ਸੀ। ਦੌਰੇ ਦੌਰਾਨ ਵਿਦਿਆਰਥੀਆਂ ਨੇ ਅਦਾਲਤੀ ਕਾਰਵਾਈ ਨੂੰ ਨਜ਼ਦੀਕੋਂ ਵੇਖਿਆ ਅਤੇ ਇਹ ਵੀ ਜਾਣਿਆ ਕਿ ਕਿਵੇਂ ਵੱਖ-ਵੱਖ ਮਾਮਲੇ ਆਪਸੀ ਸਹਿਮਤੀ, ਵਿਚੋਲਗੀ ਅਤੇ ਸਮਝੌਤੇ ਰਾਹੀਂ ਸੁਲਝਾਏ ਜਾਂਦੇ ਹਨ, ਜਿਸ ਨਾਲ ਲੋਕਾਂ ਨੂੰ ਤੇਜ਼ ਅਤੇ ਘੱਟ ਖਰਚ ਵਾਲਾ ਨਿਆਂ ਮਿਲਦਾ ਹੈ। ਇਸ ਮੌਕੇ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਿੱਖਿਆਤਮਕ ਦੌਰੇ ਕਾਨੂੰਨ ਦੇ ਵਿਦਿਆਰਥੀਆਂ ਲਈ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ, ਕਿਉਂਕਿ ਇਹ ਥਿਊਰੀ ਅਤੇ ਪ੍ਰਯੋਗਿਕ ਕਾਨੂੰਨੀ ਗਿਆਨ ਵਿਚਕਾਰ ਦੀ ਖਾਈ ਨੂੰ ਘਟਾਉਂਦੇ ਹਨ। ਇਸ ਮੌਕੇ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਕਾਰਜਕਾਰੀ ਡਾਇਰੈਕਟਰ ਕੰਵਲਜੀਤ ਕੌਰ ਨੇ ਵੀ ਕਿਹਾ ਕਿ ਅਸਲੀ ਅਦਾਲਤੀ ਕਾਰਵਾਈ ਨੂੰ ਦੇਖਣ ਦਾ ਮੌਕਾ ਵਿਦਿਆਰਥੀਆਂ ਦੀ ਨਿਆਂ ਪ੍ਰਣਾਲੀ ਬਾਰੇ ਸਮਝ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਖੇਤਰ ਵਿਚ ਆਪਣੇ ਭਵਿੱਖ ਦੇ ਪੇਸ਼ੇਵਰ ਜੀਵਨ ਲਈ ਤਿਆਰ ਕਰਦਾ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਇਹ ਦੌਰਾ ਬਹੁਤ ਹੀ ਜਾਣਕਾਰੀ ਪੂਰਨ ਅਤੇ ਲਾਭਦਾਇਕ ਰਿਹਾ। ਇਸ ਦੌਰੇ ਨਾਲ ਉਨ੍ਹਾਂ ਨੂੰ ਅਦਾਲਤਾਂ ਦੇ ਕੰਮ ਕਰਨ ਦੇ ਢੰਗ ਅਤੇ ਲੋਕ ਅਦਾਲਤਾਂ ਦੀ ਨਿਆਂ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਬਾਰੇ ਕੀਮਤੀ ਜਾਣਕਾਰੀ ਮਿਲੀ।