95 ਹਜ਼ਾਰ ਨਸ਼ਾ ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਗ਼ੈਰ-ਕਾਨੂੰਨੀ ਜਾਇਦਾਦ ਜ਼ਬਤ : ਮੁੱਖ ਮੰਤਰੀ
95 ਹਜ਼ਾਰ ਨਸ਼ਾ ਤਸ਼ਕਰ ਗ੍ਰਿਫ਼ਤਾਰ, 772 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਕੀਤੀ ਜ਼ਬਤ-ਮੁੱਖ ਮੰਤਰੀ
Publish Date: Sat, 21 Mar 2026 06:22 PM (IST)
Updated Date: Sun, 22 Mar 2026 04:10 AM (IST)

ਫੋਟੋ -ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿੱਚਰਵਾਰ ਨੂੰ ਕਾਨੂੰਨ ਵਿਵਸਥਾ ’ਤੇ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ’ਚ ਸੁਧਾਰ ਹੁਣ ਜ਼ਮੀਨੀ ਪੱਧਰ ’ਤੇ ਦਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਫੈਸਲਾਕੁੰਨ ਕਾਰਵਾਈ ਕੀਤੀ ਹੈ, ਜਿਸ ’ਚ 95000 ਤੋਂ ਵੱਧ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, 772 ਕਰੋੜ ਰੁਪਏ ਦੀ ਗ਼ੈਰ-ਕਾਨੂੰਨੀ ਜਾਇਦਾਦ ਜ਼ਬਤ ਕੀਤੀ ਗਈ ਤੇ 1100 ਤੋਂ ਵੱਧ ਗਿਰੋਹਾਂ ਨੂੰ ਬੇਨਕਾਬ ਕੀਤਾ ਗਿਆ ਹੈ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ ਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ, ‘ਮਾਰਚ-2022 ਤੋਂ ਹੁਣ ਤੱਕ 95881 ਨਸ਼ਾ ਤਸਕਰਾਂ ਤੇ ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਐੱਨਡੀਪੀਐੱਸ ਐਕਟ ਤਹਿਤ 71228 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ 10085 ਵੱਡੇ ਤਸਕਰਾਂ ਦੀ ਗ੍ਰਿਫ਼ਤਾਰੀ ਦੇ ਨਾਲ ਨਸ਼ੀਲੇ ਪਦਾਰਥਾਂ ਦੀਆਂ 6109 ਵੱਡੀਆਂ/ਵਪਾਰਕ ਖੇਪਾਂ ਜ਼ਬਤ ਕੀਤੀਆਂ ਗਈਆਂ। ਨਸ਼ੀਲੇ ਪਦਾਰਥਾਂ ਦੇ ਹੋਟਸਪੋਟਾਂ (ਵੱਧ ਪ੍ਰਭਾਵਿਤ ਇਲਾਕੇ) ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ, ਜਿਸ ਨਾਲ 5625 ਕਿੱਲੋਗ੍ਰਾਮ ਹੈਰੋਇਨ, 3461 ਕਿੱਲੋਗ੍ਰਾਮ ਅਫੀਮ, 1628 ਕੁਇੰਟਲ ਭੁੱਕੀ ਤੇ 4.96 ਕਰੋੜ ਟੀਕੇ, ਗੋਲ਼ੀਆਂ, ਕੈਪਸੂਲ ਤੇ ਸਿਰਪ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ 54.47 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਅਤੇ ਐੱਨਡੀਪੀਐੱਸ ਕੇਸਾਂ ’ਚ 3440 ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 1556 ਤਸਕਰਾਂ ਤੋਂ 772 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਮਾਨ ਨੇ ਕਿਹਾ ਕਿ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ.ਜੀ.ਟੀ.ਐਫ਼.) ਦੇ ਗਠਨ ਮਗਰੋਂ 2858 ਗੈਂਗਸਟਰਾਂ ਤੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, 35 ਨੂੰ ਬੇਅਸਰ ਕੀਤਾ ਗਿਆ ਅਤੇ 1105 ਗੈਂਗਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਅਪਰਾਧਾਂ ’ਚ ਵਰਤੇ ਗਏ 2267 ਹਥਿਆਰ ਤੇ 655 ਵਾਹਨ ਬਰਾਮਦ ਕੀਤੇ ਗਏ ਹਨ। ਏ.ਜੀ.ਟੀ.ਐੱਫ. ਨੇ ਕਤਲ, ਜਬਰਨ ਵਸੂਲੀ ਰੈਕੇਟ, ਬੈਂਕ ਡਕੈਤੀਆਂ, ਗੈਂਗਸਟਰਾਂ ਦੀ ਗ੍ਰਿਫ਼ਤਾਰੀ ਤੇ ਅੱਤਵਾਦੀ ਸਾਜ਼ਿਸ਼ਾਂ ਸਮੇਤ 38 ਸਨਸਨੀਖੇਜ਼ ਮਾਮਲਿਆਂ ਨੂੰ ਹੱਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਾਕਿਸਤਾਨ ਨਾਲ ਲਗਭਗ 560 ਕਿਲੋਮੀਟਰ ਸਰਹੱਦ ਸਾਂਝੀ ਹੈ ਅਤੇ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਐਂਟੀ-ਡਰੋਨ ਸਿਸਟਮ ਸਥਾਪਤ ਕੀਤਾ ਹੈ। ਪੰਜਾਬ ਅਜਿਹਾ ਸਿਸਟਮ ਸਥਾਪਤ ਕਰਨ ਵਾਲਾ ਪਹਿਲਾ ਸੂਬਾ ਹੈ। ਹੁਣ ਤੱਕ 806 ਡਰੋਨ ਬਰਾਮਦ ਕੀਤੇ ਗਏ ਹਨ। 1472 ਡਰੋਨ ਗਤੀਵਿਧੀਆਂ ਦਾ ਪਤਾ ਲਗਾਇਆ ਗਿਆ ਹੈ ਤੇ ਡਰੋਨ ਰਾਹੀਂ 341 ਗ਼ੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਗਏ ਹਨ। ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਉਲਟ ਜਿਹੜੀਆਂ ਆਖਰੀ ਸਾਲ ਜਾਂ ਚੋਣਾਂ ਵਾਲੇ ਸਾਲ ’ਚ ਭਰਤੀ ਕਰਦੀਆਂ ਸਨ, ਸਾਡੀ ਸਰਕਾਰ ਨੇ ਰੈਗੂਲਰ ਭਰਤੀ ਨੂੰ ਯਕੀਨੀ ਬਣਾਇਆ ਹੈ। ਪਿਛਲੇ ਚਾਰ ਸਾਲਾਂ ’ਚ 12197 ਭਰਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ 1062 ਸਬ-ਇੰਸਪੈਕਟਰ, 450 ਹੈੱਡ ਕਾਂਸਟੇਬਲ ਤੇ 10285 ਕਾਂਸਟੇਬਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ 1746 ਕਾਂਸਟੇਬਲਾਂ (ਸਾਲ 2025) ਲਈ ਭਰਤੀ ਪ੍ਰਕਿਰਿਆ ਅਧੀਨ ਹੈ ਤੇ 3298 ਕਾਂਸਟੇਬਲਾਂ (ਸਾਲ 2026) ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ, ਜਿਸ ਲਈ 10 ਮਾਰਚ, 2026 ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਬਲ ਦੇ ਆਧੁਨਿਕੀਕਰਨ ਲਈ 327.69 ਕਰੋੜ ਰੁਪਏ ਦੀ ਲਾਗਤ ਨਾਲ 2904 ਵਾਹਨ ਖਰੀਦੇ ਗਏ ਹਨ, ਜਿਨ੍ਹਾਂ ’ਚ 2258 ਚਾਰ-ਪਹੀਆ ਵਾਹਨ ਤੇ 646 ਦੋ-ਪਹੀਆ ਵਾਹਨ ਸ਼ਾਮਲ ਹਨ। ਜਨਵਰੀ, 2024 ਵਿਚ ਸ਼ੁਰੂ ਕੀਤਾ ਸੜਕ ਸੁਰੱਖਿਆ ਫੋਰਸ ਭਾਰਤ ਦੀ ਆਪਣੀ ਕਿਸਮ ਦੀ ਪਹਿਲੀ ਸਮਰਪਿਤ ਫੋਰਸ ਹੈ, ਜਿਹੜੀ 5500 ਕਿਲੋਮੀਟਰ ਤੋਂ ਵੱਧ ਹਾਈਵੇਅ ਨੂੰ ਕਵਰ ਕਰਦੀ ਹੈ ਅਤੇ ਇਸ ਨਾਲ ਮੌਤ ਦਰ ਵਿੱਚ 48 ਫ਼ੀਸਦ ਕਮੀ ਆਈ ਹੈ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਵਿਦੇਸ਼ਾਂ ਤੋਂ ਆਪਣਾ ਗਿਰੋਹ ਚਲਾ ਰਹੇ ਗੈਂਗਸਟਰਾਂ ਦੀ ਹਵਾਲਗੀ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ। ਇਸ ਸਬੰਧੀ ਕੋਈ ਵੀ ਜਾਣਕਾਰੀ ਮਿਲਣ ‘ਤੇ ਉਨ੍ਹਾਂ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਇਸ ਮੌਕੇ ਡਾਇਰੈਕਟਰ ਆਫ਼ ਪੁਲਿਸ ਜਨਰਲ ਗੌਰਵ ਯਾਦਵ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।