ਮੁੱਖ ਮੰਤਰੀ ਸਿਹਤ ਯੋਜਨਾ ਲੋਕਾਂ ਲਈ ਵਰਦਾਨ ਪਰ ‘ਆਯੂਸ਼ਮਾਨ’ ਇਕ ਦਿਖਾਵਾ : ਮਾਨ
ਮੁੱਖ ਮੰਤਰੀ ਸਿਹਤ ਯੋਜਨਾ ਲੋਕਾਂ ਲਈ ਵਰਦਾਨ , ਆਯੂਸ਼ਮਨ ਇਕ ਦਿਖਾਵਾ- ਮਾਨ
Publish Date: Fri, 20 Mar 2026 06:59 PM (IST)
Updated Date: Sat, 21 Mar 2026 04:11 AM (IST)

- ਕਿਹਾ, ਪੰਜਾਬ ਸਰਕਾਰ ਨੇ ਬਜਟ ’ਚ ਸਿਹਤ ਖੇਤਰ ਲਈ ਦੋ ਹਜ਼ਾਰ ਕਰੋੜ ਰੁਪਏ ਰੱਖੇ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਹਤ ਖੇਤਰ ਦਾ ਚਾਰ ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਬਿਨਾਂ ਕਿਸੇ ਪਾਬੰਦੀ ਦੇ 10 ਲੱਖ ਰੁਪਏ ਦੇ ਨਕਦ ਰਹਿਤ ਇਲਾਜ ਦੀ ਗਾਰੰਟੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬ ਨੂੰ ਸਿਹਤਮੰਦ ਨਹੀਂ ਦੇਖਣਾ ਚਾਹੁੰਦੇ। ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਸਾਰਿਆਂ ਦੀ ਭਲਾਈ ਲਈ ਵਿਆਪਕ ਸਿਹਤ ਸੰਭਾਲ ਸਕੀਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹਾ ਵਿਆਪਕ ਸਿਹਤ ਸੰਭਾਲ ਕਵਰੇਜ ਪ੍ਰਦਾਨ ਕਰਨ ਵਾਲਾ ਪਹਿਲਾ ਭਾਰਤੀ ਸੂਬਾ ਹੈ, ਜੋ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਂਦੇ ਹੋਏ ਜਨਤਾ ’ਤੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘਟਾ ਰਿਹਾ ਹੈ। ਮਾਨ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਸਰਕਾਰੀ ਕਰਮਚਾਰੀਆਂ, ਪੈਨਸ਼ਨਰਾਂ ਤੇ ਸਾਰੇ ਨਾਗਰਿਕਾਂ ਨੂੰ ਸੁਵਿਧਾ ਕੇਂਦਰਾਂ, ਕਾਮਨ ਸਰਵਿਸ ਸੈਂਟਰਾਂ ਜਾਂ ਆਧਾਰ ਜਾਂ ਵੋਟਰ ਕਾਰਡਾਂ ਦੀ ਵਰਤੋਂ ਕਰ ਕੇ ਆਨਲਾਈਨ ਰਜਿਸਟਰੇਸ਼ਨ ਰਾਹੀਂ ਸਿਹਤ ਕਾਰਡ ਬਣਾਉਣ ਦੇ ਨਾਲ ਸਰਬ ਵਿਆਪਕ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਯੋਜਨਾ ਅਧੀਨ ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਹੈ, ਜਿਨ੍ਹਾਂ ’ਚ ਸਰਕਾਰ ਵੱਲੋਂ ਨਿਰਧਾਰਤ ਦਰਾਂ ’ਤੇ ਲਗਪਗ 2600 ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਲੋਕਾਂ ਲਈ ਵਰਦਾਨ ਹੈ, ਜਦਕਿ ਆਯੂਸ਼ਮਾਨ ਇਕ ਦਿਖਾਵਾ ਹੈ। ਉਨ੍ਹਾਂ ਸਮਝਾਇਆ ਕਿ ਕੇਂਦਰ ਨੇ 140 ਕਰੋੜ ਦੀ ਆਬਾਦੀ ਲਈ ਸਿਰਫ਼ 9300 ਕਰੋੜ ਰੁਪਏ ਅਲਾਟ ਕੀਤੇ ਹਨ, ਜਦਕਿ ਪੰਜਾਬ ਨੇ ਸਿਰਫ਼ ਤਿੰਨ ਕਰੋੜ ਲੋਕਾਂ ਲਈ 2000 ਕਰੋੜ ਰੁਪਏ ਅਲਾਟ ਕੀਤੇ ਹਨ। ਇਸ ਦਾ ਮਤਲਬ ਹੈ ਕਿ ਪੰਜਾਬ ਪ੍ਰਤੀ ਵਿਅਕਤੀ ਲਗਪਗ ਦਸ ਗੁਣਾ ਜ਼ਿਆਦਾ ਖ਼ਰਚ ਕਰ ਰਿਹਾ ਹੈ। ਆਯੂਸ਼ਮਾਨ ਦੇ ਉਲਟ ਸਾਡੀ ਯੋਜਨਾ ’ਚ ਕੋਈ ਸ਼ਰਤ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਚੰਡੀਗੜ੍ਹ ਦੇ ਲਗਪਗ 900 ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਕੀਮ ਦੇ ਘੇਰੇ ’ਚ ਸ਼ਾਮਲ ਕੀਤਾ ਗਿਆ ਹੈ ਅਤੇ 25 ਲੱਖ ਲਾਭਪਾਤਰੀਆਂ ਨੂੰ ਰਜਿਸਟਰ ਕੀਤਾ ਗਿਆ ਹੈ। ਇਸ ਤਹਿਤ 1.6 ਲੱਖ ਤੋਂ ਵੱਧ ਲੋਕ ਪਹਿਲਾਂ ਹੀ ਇਲਾਜ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ 2025-26 ਲਈ 1200 ਕਰੋੜ ਅਲਾਟ ਕੀਤੇ ਗਏ ਸਨ ਤੇ 2026-27 ਲਈ 2000 ਕਰੋੜ ਰੱਖੇ ਗਏ ਹਨ। ਇਹ ਯੋਜਨਾ 2,356 ਮੈਡੀਕਲ ਤੇ ਸਰਜੀਕਲ ਪ੍ਰਕਿਰਿਆਵਾਂ ਨੂੰ ਕਵਰ ਕਰਦੀ ਹੈ, ਜਿਸ ਵਿਚ ਆਰਥੋਪੈਡਿਕਸ, ਜਨਰਲ ਮੈਡੀਸਨ, ਦਿਲ, ਫੇਫੜੇ, ਗੁਰਦੇ ਦੀਆਂ ਬਿਮਾਰੀਆਂ, ਕੈਂਸਰ ਦਾ ਇਲਾਜ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ 883 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਤੇ 28 ਮਾਰਚ ਨੂੰ 100 ਹੋਰ ਕਲੀਨਿਕ ਸਮਰਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ 400 ਕਲੀਨਿਕ ਨਿਰਮਾਣ ਅਧੀਨ ਹਨ। ਇਨ੍ਹਾਂ ਕਲੀਨਿਕਾਂ ’ਚ 47 ਟੈਸਟ ਤੇ 107 ਦਵਾਈਆਂ ਮੁਫ਼ਤ ਉਪਲਬਧ ਹਨ, ਜਿਸ ’ਚ ਮਰੀਜ਼ਾਂ ਦੀ ਤਸੱਲੀ ਦੀ ਦਰ 94 ਫੀਸਦੀ ਹੈ।” ਉਨ੍ਹਾਂ ਕਿਹਾ ਕਿ ‘ਓ.ਪੀ.ਡੀ. ਪੰਜ ਕਰੋੜ ਨੂੰ ਪਾਰ ਕਰ ਗਈ ਹੈ, 1.69 ਕਰੋੜ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ ਤੇ ਇਹ ਮਾਡਲ ਹੁਣ ਪੂਰੇ ਭਾਰਤ ਵਿੱਚ ਮਸ਼ਹੂਰ ਹੋ ਰਿਹਾ ਹੈ।” ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਫ਼ਰੀਦਕੋਟ, ਮੋਹਾਲੀ ਤੇ ਪਟਿਆਲਾ ’ਚ ਪੀਈਟੀ ਸਕੈਨ ਸਹੂਲਤਾਂ ਸ਼ੁਰੂ ਕੀਤੀਆਂ ਜਾਣਗੀਆਂ ਤੇ 200 ਤੋਂ ਵੱਧ ਸੂਚੀਬੱਧ ਪ੍ਰਾਈਵੇਟ ਡਾਇਗਨੌਸਟਿਕ ਸੈਂਟਰ ਮੁਫ਼ਤ ਐਕਸ-ਰੇਅ ਅਤੇ ਅਲਟਰਾ ਸਾਊਂਡ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਮਾਨ ਨੇ ਕਿਹਾ, “ਮਿਸ਼ਨ ਅੰਮ੍ਰਿਤ ਤਹਿਤ ਪੰਜਾਬ ਸਟੈੱਮ ਪ੍ਰਾਜੈਕਟ ਨੂੰ ਦਿਲ ਦੇ ਦੌਰੇ ਦੇ ਮਰੀਜ਼ਾਂ ਦੀ ਦੇਖਭਾਲ ਲਈ 23 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਹੈ, 29,000 ਮਰੀਜ਼ਾਂ ਨੂੰ ਦਰਜ ਕੀਤਾ ਗਿਆ ਹੈ ਅਤੇ 1700 ਤੋਂ ਵੱਧ ਕੇਸਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੀ.ਐਮ.ਸੀ. ਲੁਧਿਆਣਾ ਅਤੇ ਮੈਡਟ੍ਰੋਨਿਕ ਦੇ ਸਹਿਯੋਗ ਨਾਲ-ਸਮਰੱਥ ਪੰਜਾਬ ਸਟ੍ਰੋਕ ਪ੍ਰਾਜੈਕਟ ਪਹਿਲਾਂ ਹੀ 100 ਤੋਂ ਵੱਧ ਮਰੀਜ਼ਾਂ ਨੂੰ ਲਾਭ ਪਹੁੰਚਾ ਚੁੱਕਾ ਹੈ। ਉਨ੍ਹਾਂ ਕਿਹਾ, “ਆਪਣੀ ਕਿਸਮ ਦਾ ਪਹਿਲਾ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਾਇਲਰੀ ਸਾਇੰਸਜ਼ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰ ਰਿਹਾ ਹੈ। ਮੁੱਖ ਮੰਤਰੀ ਕੀ ਯੋਗਸ਼ਾਲਾ ਮੁਹਿੰਮ ਤਹਿਤ ਰੋਜ਼ਾਨਾ 8000 ਯੋਗਾ ਸੈਸ਼ਨ ਕਰਵਾਏ ਜਾਂਦੇ ਹਨ, ਜਿਸ ਨਾਲ ਲਗਪਗ ਦੋ ਲੱਖ ਲੋਕਾਂ ਨੂੰ ਲਾਭ ਪਹੁੰਚਦਾ ਹੈ। ਮੁੱਖ ਮੰਤਰੀ ਨੇ ਕਿਹਾ, “ਸੱਤ ਨਵੇਂ ਮੈਡੀਕਲ ਕਾਲਜ ਉਸਾਰੀ ਅਧੀਨ ਹਨ, ਜਿਸ ਨਾਲ 600 ਨਵੀਆਂ ਐੱਮਬੀਬੀਐੱਸ ਸੀਟਾਂ ਵਧਣਗੀਆਂ, ਜਿਸ ਨਾਲ ਪੰਜਾਬ ਨੂੰ ਡਾਕਟਰੀ ਸਿੱਖਿਆ ਦੇ ਕੇਂਦਰ ਵਜੋਂ ਵਿਕਸਤ ਕਰਨ ਵਿਚ ਮਦਦ ਮਿਲੇਗੀ।ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਹੋਰ ਵੀ ਮੌਜੂਦ ਸਨ।