ਮਾਨ ਨੇ ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਰਿਸ਼ਤੇ ਹੋਰ ਮਜ਼ਬੂਤ ਕਰਨ ਦੀ ਕੀਤੀ ਵਕਾਲਤ
ਮਾਨ ਨੇ ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਰਿਸ਼ਤੇ ਹੋਰ ਮਜ਼ਬੂਤ ਕਰਨ ਦੀ ਕੀਤੀ ਵਕਾਲਤ
Publish Date: Fri, 16 Jan 2026 07:04 PM (IST)
Updated Date: Sat, 17 Jan 2026 04:13 AM (IST)

- ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੈਨੇਡਾ, ਖ਼ਾਸ ਕਰ ਕੇ ਬ੍ਰਿਟਿਸ਼ ਕੋਲੰਬੀਆ ਨਾਲ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਆਪਸੀ ਸਹਿਯੋਗ ਵਧਾਇਆ ਜਾ ਸਕੇ ਅਤੇ ਦੋਵਾਂ ਖਿੱਤਿਆਂ ਦੇ ਕਾਰੋਬਾਰ ਤੇ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ, ਕੈਨੇਡਾ ਹਮੇਸ਼ਾ ਭਾਰਤ ਤੇ ਪੰਜਾਬ ਲਈ ਇਕ ਮਜ਼ਬੂਤ ਭਾਈਵਾਲ ਰਿਹਾ ਹੈ। ਮਾਨ ਨੇ ਕਿਹਾ ਪੰਜਾਬ ਦੋਵਾਂ ਖਿੱਤਿਆਂ ਲਈ ਮਹੱਤਵ ਵਾਲੇ ਖੇਤਰਾਂ ’ਚ ਕੈਨੇਡੀਅਨ ਕਾਰੋਬਾਰ ਨਾਲ ਸਹਿਯੋਗ ਕਰਨ ਲਈ ਪੂਰੀ ਤਰ੍ਹਾਂ ਤਿਆਰ ਤੇ ਉਤਸੁਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਐਗਰੋ-ਪ੍ਰੋਸੈਸਿੰਗ, ਟੈਕਸਟਾਈਲ, ਇੰਜੀਨੀਅਰਿੰਗ ਸਾਜ਼ੋ-ਸਾਮਾਨ, ਆਈਟੀ ਸੇਵਾਵਾਂ ਤੇ ਨਵਿਆਉਣਯੋਗ ਊਰਜਾ ’ਚ ਮੋਹਰੀ ਹੈ। ਮਜ਼ਬੂਤ ਬੁਨਿਆਦੀ ਢਾਂਚੇ ਤੇ ਅੰਗਰੇਜ਼ੀ ਭਾਸ਼ਾ ’ਚ ਮੁਹਾਰਤ ਰੱਖਣ ਵਾਲੇ ਹੁਨਰਮੰਦ ਮਨੁੱਖੀ ਸ਼ਕਤੀ ਦੇ ਨਾਲ ਪੰਜਾਬ, ਕੈਨੇਡੀਅਨ ਨਿਵੇਸ਼ਕਾਂ ਲਈ ਇਕ ਆਦਰਸ਼ ਸਥਾਨ ਵਜੋਂ ਉਭਰਿਆ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰ ਕਰਨ ’ਚ ਸੌਖ ਦੇ ਮਾਮਲੇ ’ਚ ਪੰਜਾਬ, ਦੇਸ਼ ਦੇ ਮੋਹਰੀ ਸੂਬਿਆਂ ’ਚ ਸ਼ੁਮਾਰ ਹੈ ਅਤੇ ਇਨਵੈਸਟ ਪੰਜਾਬ ਰਾਹੀਂ ਅਸੀਂ ਨਿਵੇਸ਼ਕਾਂ ਨੂੰ ਸਿੰਗਲ-ਵਿੰਡੋ ਕਲੀਅਰੈਂਸ ਸਿਸਟਮ ਤੇ ਵਿਆਪਕ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਦੀ ਮੁਹਾਰਤ ਪੰਜਾਬ ਦੀਆਂ ਵਿਕਾਸ ਤਰਜੀਹਾਂ ਨਾਲ ਬਾਖੂਬੀ ਮੇਲ ਖਾਂਦੀ ਹੈ। ਉਨ੍ਹਾਂ ਕਿਹਾ, ਟਿਕਾਊ ਖੇਤੀ, ਖੁਰਾਕ ਸੁਰੱਖਿਆ ਤੇ ਗ੍ਰੀਨ ਹਾਊਸ ਤਕਨਾਲੋਜੀਆਂ ਵਿਚ ਬ੍ਰਿਟਿਸ਼ ਕੋਲੰਬੀਆ ਦੀ ਮੁਹਾਰਤ ਖੇਤੀਬਾੜੀ ਦੇ ਆਧੁਨਿਕੀਕਰਨ ਸਬੰਧੀ ਪੰਜਾਬ ਦੇ ਟੀਚਿਆਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀਆਂ ਹਨ। ਸਾਨੂੰ ਸਾਫ-ਸੁਥਰੀ ਖੇਤੀ, ਵਾਢੀ ਤੋਂ ਬਾਅਦ ਦੀਆਂ ਪ੍ਰਣਾਲੀਆਂ ਤੇ ਵੈਲਿਊ ਐਡਿਡ ਫੂਡ ਪ੍ਰੋਸੈਸਿੰਗ (ਉਤਪਾਦ ਤੋਂ ਹੋਰ ਵਸਤਾਂ ਤਿਆਰ ਕਰਨ) ’ਚ ਭਾਈਵਾਲੀ ਦੀ ਉਮੀਦ ਹੈ। ਮਾਨ ਨੇ ਕਿਹਾ ਖੋਜ ਤੇ ਕਿੱਤਾਮੁਖੀ ਸਿਖਲਾਈ ’ਚ ਕੈਨੇਡੀਅਨ ਯੂਨੀਵਰਸਿਟੀਆਂ ਨਾਲ ਭਾਈਵਾਲੀ ਨਾਲ ਪਰਿਵਰਤਨਸ਼ੀਲ ਤਬਦੀਲੀ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਕਿਹਾ, ਆਈਟੀ ਤੇ ਡਿਜੀਟਲ ਤਬਦੀਲੀ ਸਬੰਧੀ ਪੰਜਾਬ ਵਿੱਚ ਸਾਈਬਰ ਸੁਰੱਖਿਆ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਐਗਰੀ-ਟੈਕ ਪ੍ਰੋਜੈਕਟਾਂ ਵਿੱਚ ਸਹਿਯੋਗ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ, ਨਿਰਮਾਣ ਅਤੇ ਇੰਜੀਨੀਅਰਿੰਗ ਇਕ ਵੱਧ ਉੱਚ-ਸੰਭਾਵਨਾ ਵਾਲਾ ਖੇਤਰ ਹੈ। ਖੇਤੀਬਾੜੀ ਮਸ਼ੀਨਰੀ ਅਤੇ ਸਾਫ-ਸੁਥਰੀ ਇੰਜੀਨੀਅਰਿੰਗ ਵਿੱਚ ਕੈਨੇਡਾ ਦੀ ਮੁਹਾਰਤ ਪੰਜਾਬ ਦੇ ਉਦਯੋਗਿਕ ਕਲੱਸਟਰਾਂ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਨਿਰਯਾਤ ਕੀਤੇ ਜਾਂਦੇ ਪੰਜਾਬ ਦੇ ਖੇਤੀਬਾੜੀ ਉਤਪਾਦ ਜਿਵੇਂ ਕਿ ਕਣਕ, ਚੌਲ, ਕਿੰਨੂ, ਲੀਚੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੀ ਕੈਨੇਡੀਅਨ ਬਾਜ਼ਾਰ ਵਿੱਚ ਬਹੁਤ ਮੰਗ ਹੈ, ਜਿਸ ਨੂੰ ਉੱਥੇ ਰਹਿਣ ਵਾਲੇ ਭਾਰਤੀ ਪ੍ਰਵਾਸੀ ਭਾਈਚਾਰੇ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।” ਉਨ੍ਹਾਂ ਟੈਕਸਟਾਈਲ ਵਿੱਚ ਸਹਿਯੋਗ ਦਾ ਪ੍ਰਸਤਾਵ ਦਿੰਦਿਆਂ ਕਿਹਾ, “ਕੈਨੇਡੀਅਨ ਕੰਪਨੀਆਂ ਉੱਚ-ਗੁਣਵੱਤਾ ਵਾਲੇ ਟੈਕਸਟਾਈਲ ਅਤੇ ਕੱਪੜਾ ਉਦਯੋਗ ਵਿਕਸਤ ਕਰਨ ਲਈ ਪੰਜਾਬ ਨਾਲ ਭਾਈਵਾਲੀ ਕਰ ਸਕਦੀਆਂ ਹਨ ਜੋ ਉਨ੍ਹਾਂ ਦੇ ਫੈਸ਼ਨ ਅਤੇ ਪ੍ਰਚੂਨ ਖੇਤਰਾਂ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।” ਮੁੱਖ ਮੰਤਰੀ ਨੇ ਪ੍ਰਵਾਸੀ ਭਾਰਤੀ ਭਾਈਚਾਰੇ ਦੀ ਭੂਮਿਕਾ ਤੇ ਜ਼ੋਰ ਦਿੰਦਿਆਂ ਕਿਹਾ, ਕੈਨੇਡਾ ਵਿੱਚ ਪੰਜਾਬੀ ਪ੍ਰਵਾਸੀ ਵਪਾਰਕ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਲਈ ਇਕ ਮਜ਼ਬੂਤ ਕੜੀ ਦਾ ਕੰਮ ਕਰਦੇ ਹਨ। ਪੰਜਾਬ ਸਰਕਾਰ ਦਾ ਉਦੇਸ਼ ਸੱਭਿਆਚਾਰਕ ਅਤੇ ਵਿਦਿਅਕ ਪ੍ਰੋਗਰਾਮਾਂ ਰਾਹੀਂ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਮੁੱਖ ਮੰਤਰੀ ਦਾ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਪੰਜਾਬ ਵੱਲੋਂ ਕੀਤੀ ਗਈ ਮਹਿਮਾਨਨਿਵਾਜ਼ੀ ਨੇ ਮੇਰੇ ਦੌਰੇ ਨੂੰ ਸੱਚਮੁੱਚ ਯਾਦਗਾਰੀ ਬਣਾ ਦਿੱਤਾ ਹੈ।” ਦੋਵਾਂ ਪਾਸਿਆਂ ਦੇ ਲੋਕਾਂ ਦਰਮਿਆਨ ਆਪਸੀ ਸਾਂਝ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਪੰਜਾਬ ਹਮੇਸ਼ਾ ਬ੍ਰਿਟਿਸ਼ ਕੋਲੰਬੀਆ ’ਚ ਵਸਦੇ ਪੰਜਾਬੀਆਂ ਦੇ ਦਿਲਾਂ ਵਿਚ ਵੱਸਦਾ ਹੈ ਅਤੇ ਲੋਕਾਂ ਦਰਮਿਆਨ ਇਹ ਰਿਸ਼ਤਾ ਹੋਰ ਵੀ ਮਜ਼ਬੂਤ ਹੋਣਾ ਚਾਹੀਦਾ ਹੈ।