ਛੋਟੇ, ਲਘੂ ਤੇ ਦਰਮਿਆਨੇ ਉਦਯੋਗਾਂ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਕਲੱਸਟਰ ਆਧਾਰਤ ਰਣਨੀਤੀ ਅਪਣਾਈ : ਸੰਜੀਵ ਅਰੋੜਾ
ਉਦਯੋਗਾਂ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਕਲੱਸਟਰ ਆਧਾਰਤ ਰਣਨੀਤੀ ਅਪਣਾਈ : ਸੰਜੀਵ ਅਰੋੜਾ
Publish Date: Sun, 15 Mar 2026 06:52 PM (IST)
Updated Date: Mon, 16 Mar 2026 04:13 AM (IST)

ਫੋਟੋ ਕੈਪਸ਼ਨ : ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਸਨਮਾਨਿਤ ਕਰਦੇ ਹੋਏ ਉਦਯੋਗਿਕ ਮੈਂਬਰ। 3ਪੀ ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਐੱਮਐੱਸਐੱਮਈਜ਼ (ਛੋਟੇ, ਲਘੂ ਤੇ ਦਰਮਿਆਨੇ ਉਦਯੋਗ) ਭਾਰਤ ਦੇ ਜੀਡੀਪੀ ਵਿਕਾਸ ਵਿਚ 25 ਤੋਂ 30 ਫ਼ੀਸਦ ਹਿੱਸਾ ਪਾ ਰਹੇ ਹਨ। ਉਨ੍ਹਾਂ ਆਪਣੇ ਦਫ਼ਤਰਾਂ ਵਿਚ ਕੰਮਕਾਜ ਲਈ ਰੋਜ਼ਾਨਾ ਪੱਧਰ ’ਤੇ ਵੱਧ ਤੋਂ ਵੱਧ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਲਈ ਕਿਹਾ। ਐੱਮਐੱਸਐੱਮਈਜ਼ ਅਰਥਵਿਵਸਥਾ ਦਾ ਪ੍ਰਮੁੱਖ ਹਿੱਸਾ ਹਨ ਅਤੇ ਦੇਸ਼ ਦੀ ਕੁਦਰਤੀ ਨਿਰਮਾਣ ਮਸ਼ੀਨ ਵੀ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਐੱਮਐੱਸਐੱਮਈਜ਼ ਦੇ ਆਧੁਨਿਕੀਕਰਨ ਅਤੇ ਵਿਸਥਾਰ ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਉਨ੍ਹਾਂ ਉਦਯੋਗਪਤੀਆਂ ਨੂੰ ਉਤਪਾਦਾਂ ਦੀ ਮੰਗ ਵਧਾਉਣ ਲਈ ਮਾਰਕੀਟਿੰਗ ਦੀ ਬਜਾਏ ਕੀਮਤ ਅਤੇ ਗੁਣਵੱਤਾ ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਬੇਸ਼ੁਮਾਰ ਹੁਨਰਮੰਦ ਸਟਾਫ਼ ਉਪਲਬੱਧ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲਗਭਗ 1.6 ਲੱਖ ਐੱਮਐੱਸਐੱਮਈਜ਼ ਯੂਨਿਟਾਂ ਦੇ ਮਜ਼ਬੂਤ ਆਧਾਰ ਨਾਲ ਇਕ ਸਮਰਪਿਤ ਏਜੰਸੀ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਇਹ ਐੱਮਐੱਸਐੱਮਈਜ਼ ਮਾਹੌਲ ਨੂੰ ਗਤੀਸ਼ੀਲ ਅਤੇ ਵਿਸ਼ਵ ਪੱਧਰ ਤੇ ਪ੍ਰਤੀਯੋਗੀ ਖੇਤਰ ਵਿਚ ਬਦਲਣ ’ਚ ਸਹਾਈ ਹੋਣਗੇ। ਐੱਮਐੱਸਐੱਮਈਜ਼ ਪੰਜਾਬ ਵਿਚ ਮੁਕਾਬਲੇਬਾਜ਼ੀ ਨੂੰ ਵਧਾਉਣ, ਵਿੱਤ, ਤਕਨਾਲੋਜੀ, ਬਾਜ਼ਾਰਾਂ, ਹੁਨਰਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਅਤੇ ਕਲੱਸਟਰ-ਆਧਾਰਤ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਇਕ ਸਿੰਗਲ ਸੰਸਥਾਗਤ ਪਲੇਟਫਾਰਮ ਵਜੋਂ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਐੱਮਐੱਸਐੱਮਈਜ਼ ਸੈਕਟਰ ਦੇ ਵਿਕਾਸ ਨੂੰ ਗਤੀ ਦੇਣ ਲਈ ਇਕ ਕਲੱਸਟਰ-ਆਧਾਰਤ ਰਣਨੀਤੀ ਅਪਣਾਏਗਾ, ਜਿਸ ਨਾਲ ਵੱਡੇ ਪੈਮਾਨੇ ’ਤੇ ਉਤਪਾਦਨ, ਸਹੂਲਤਾਂ ਦੀ ਸਾਂਝ ਅਤੇ ਸਮੂਹਿਕ ਕਾਰਜ ਕੁਸ਼ਲਤਾ ਦਾ ਲਾਭ ਮਿਲ ਸਕੇਗਾ। ਰਾਜ ਦਾ ਉਦੇਸ਼ ਕਲੱਸਟਰ ਵਿਕਾਸ ਸਕੀਮਾਂ ਦੀ ਵਰਤੋਂ ਨੂੰ ਅਨੁਕੂਲ ਬਣਾਉਣ ਦੇ ਨਾਲ-ਨਾਲ ਮੌਜੂਦਾ ਢਾਂਚੇ ਵਿਚਲੇ ਪਾੜੇ ਨੂੰ ਪੂਰਨ ਅਤੇ ਹੁਣ ਤੱਕ ਪੂਰੀਆਂ ਨਾ ਹੋ ਸਕੀਆਂ ਜ਼ਰੂਰਤਾਂ ਦੇ ਹੱਲ ਲਈ ਆਪਣਾ ਰਾਜ-ਪੱਧਰੀ ਕਲੱਸਟਰ ਵਿਕਾਸ ਪ੍ਰੋਗਰਾਮ ਵੀ ਪੇਸ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਕਲੱਸਟਰ ਸਰਕਾਰੀ ਵਿਭਾਗਾਂ, ਉਦਯੋਗਿਕ ਸੰਗਠਨਾਂ ਅਤੇ ਕਲੱਸਟਰ ਮੈਂਬਰਾਂ ਦੁਆਰਾ ਬਣਾਏ ਗਏ ਵਿਸ਼ੇਸ਼ ਉਦੇਸ਼ ਵਾਹਨਾਂ (ਐੱਸਪੀਵੀ) ਵਿਚਕਾਰ ਸਰਗਰਮ ਸਹਿਯੋਗ ਰਾਹੀਂ ਐੱਮਐੱਸਐੱਮਈਜ਼ ਦੇ ਬੁਨਿਆਦੀ ਢਾਂਚੇ, ਤਕਨਾਲੋਜੀ ਨੂੰ ਅਪਣਾਉਣ ਅਤੇ ਮਾਰਕੀਟ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਦਾ ਉਦੇਸ਼ ਇਕ ਅਜਿਹਾ ਵਾਤਾਵਰਨ ਸਿਰਜਣਾ ਹੈ ਜੋ ਨਵੀਨਤਾ, ਲਾਗਤ ਮੁਕਾਬਲੇਬਾਜ਼ੀ ਅਤੇ ਟਿਕਾਊ ਉਦਯੋਗਿਕ ਵਿਕਾਸ ਨੂੰ ਉਤਸ਼ਾਹਤ ਕਰੇ। ਗੁਰਕੀਰਤ ਕਿਰਪਾਲ ਸਿੰਘ ਆਈਏਐੱਸ ਸਕੱਤਰ ਉਦਯੋਗ ਅਤੇ ਵਣਜ ਨੇ ਕਿਹਾ ਕਿ ਪੰਜਾਬ ਸਰਕਾਰ ਐੱਮਐੱਸਐੱਮਈਜ਼ ਨੂੰ ਪੰਜਾਬ ਵਿਚ ਆਪਣਾ ਕਾਰੋਬਾਰ ਵਧਾਉਣ ਲਈ ਉਤਸ਼ਾਹਤ ਕਰ ਰਹੀ ਹੈ ਅਤੇ ਐੱਮਐੱਸਐੱਮਈਜ਼ ਨੂੰ ਅਨੇਕਾਂ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ ਤਾਂ ਜੋ ਉਹ ਪੰਜਾਬ ਵਿਚ ਆਪਣਾ ਪਲਾਂਟ ਸਥਾਪਤ ਕਰ ਸਕਣ। ਇਸ ਖੇਤਰ ਵਿਚ ਬਹੁਤ ਸਾਰੇ ਮੌਕੇ ਉਪਲਬੱਧ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੈਕਟਰਲ ਕਮੇਟੀਆਂ ਦੀਆਂ 77 ਫ਼ੀਸਦ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ ਗਿਆ ਹੈ ਅਤੇ ਸਭ ਤੋਂ ਆਕਰਸ਼ਕ ਉਦਯੋਗਿਕ ਨੀਤੀ ਸ਼ੁਰੂ ਕੀਤੀ ਹੈ। ਨਿਵੇਸ਼ਕਾਂ ਨੂੰ ਸਮਾਂਬੱਧ ਪ੍ਰਵਾਨਗੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਹ ਨਵੀਂ ਉਦਯੋਗਿਕ ਨੀਤੀ ਉੱਦਮੀਆਂ ਦੀ ਮਦਦ ਕਰੇਗੀ। ਇਸ ਐੱਮਐੱਸਐੱਮਈਜ਼ ਸੈਸ਼ਨ ਦੌਰਾਨ ਪ੍ਰੋਫੈਸਰ ਰੁਧਰਾ ਪ੍ਰਤਾਪ ਪਲਾਕਸ਼ਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਧਰਮੇਸ਼ ਗੋਸਵਾਮੀ ਪਾਰਟਨਰ, ਕੇਪੀਐੱਮਜੀ, ਭੁਪਿੰਦਰ ਪਾਲ ਸਿੰਘ ਆਨੰਦ ਡਾਇਰੈਕਟਰ, ਜਲ ਬਾਥ ਫਿਟਿੰਗਜ਼, ਮਨਬੀਰ ਸਿੰਘ ਡਾਇਰੈਕਟਰ, ਆਈਈਈ ਐਲੀਵੇਟਰਜ਼, ਰਾਜੇਸ਼ ਮਹਿਰਾ ਐੱਮਡੀ, ਐਕਟਿਵ ਕਲੋਥਿੰਗ ਨੇ ਹਿੱਸਾ ਲਿਆ।