ਯੂਥ ਅਗੇਂਸਟ ਡਰੱਗਜ਼ ਮੁਹਿੰਮ ਦਾ ਸਮਾਪਨ ਸਮਾਰੋਹ ਮੁਹਾਲੀ ਵਿਖੇ ਕੀਤਾ
ਯੂਥ ਅਗੇਂਸਟ ਡਰੱਗਜ਼ ਮੁਹਿੰਮ ਦਾ ਸਮਾਪਨ ਸਮਾਰੋਹ ਮੁਹਾਲੀ ਵਿਖੇ ਕੀਤਾ
Publish Date: Tue, 06 Jan 2026 06:26 PM (IST)
Updated Date: Tue, 06 Jan 2026 06:29 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਚਲਾਈ ਗਈ ਇਕ ਮਹੀਨੇ ਲੰਬੀ ਮੁਹਿੰਮ ‘ਯੂਥ ਅਗੇਂਸਟ ਡਰੱਗਜ਼’ ਮੰਗਲਵਾਰ ਨੂੰ ਸਫ਼ਲਤਾਪੂਰਵਕ ਮੁਕੰਮਲ ਹੋ ਗਈ। ਇਸ ਮੁਹਿੰਮ ਦੇ ਸਮਾਪਤੀ ਸਮਾਰੋਹ ਮੌਕੇ ਇਕ ਵਾਕਾਥਾਨ ਦਾ ਆਯੋਜਨ ਕੀਤਾ ਗਿਆ, ਜੋ ਮਾਨਵ ਮੰਗਲ ਸਮਾਰਟ ਸਕੂਲ, ਸੈਕਟਰ-88, ਮੁਹਾਲੀ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਅਦਾਲਤ ਕੰਪਲੈਕਸ, ਮੁਹਾਲੀ ਤੱਕ ਸੀ। ਇਸ ਵਾਕਾਥਾਨ ਦੀ ਅਗਵਾਈ ਮਾਨਯੋਗ ਜਸਟਿਸ ਹਰਿਸਿਮਰਨ ਸਿੰਘ ਸੇਠੀ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ, ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਅਤੁਲ ਕਸਾਨਾ ਅਤੇ ਸ਼੍ਰੀਮਤੀ ਨਵਜੋਤ ਕੌਰ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੀਤੀ। ਹੋਰ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਸੁਰਭੀ ਪਰਾਸ਼ਰ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਦੱਸਿਆ ਕਿ ਇਸ ਵਾਕਾਥਾਨ ਵਿਚ ਸ਼੍ਰੀਮਤੀ ਜਗਦੀਪ ਕੌਰ, ਐਡੀਸ਼ਨਲ ਮੈਂਬਰ ਸਕੱਤਰ, ਪੀਐੱਲਐੱਸਏ, ਸੈਸ਼ਨ ਕੋਰਟ ਮੁਹਾਲੀ ਵਿਚ ਤਾਇਨਾਤ ਨਿਆਂਇਕ ਅਧਿਕਾਰੀ, ਪੈਨਲ ਵਕੀਲ, ਪੈਰਾ ਲੀਗਲ ਵਲੰਟੀਅਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਮਾਨਯੋਗ ਜਸਟਿਸ ਹਰਿਸਿਮਰਨ ਸਿੰਘ ਸੇਠੀ ਵੱਲੋਂ ਭਾਗੀਦਾਰਾਂ ਨੂੰ ਸਰਟੀਫ਼ਿਕੇਟ ਆਫ਼ ਐਪ੍ਰੀਸੀਏਸ਼ਨ ਵੀ ਵੰਡੇ ਗਏ। ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ‘ਯੂਥ ਅਗੇਂਸਟ ਡਰੱਗਜ਼’ ਮੁਹਿੰਮ ਦੀ ਸ਼ੁਰੂਆਤ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 6 ਦਸੰਬਰ, 2025 ਨੂੰ ਕੀਤੀ ਗਈ ਸੀ, ਜਿਸ ਦੀ ਅਗਵਾਈ ਮਾਨਯੋਗ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਐਗਜ਼ਿਕਿਊਟਿਵ ਚੇਅਰਮੈਨ ਕਰ ਰਹੇ ਹਨ। ਮੁਹਿੰਮ ਦੌਰਾਨ ਪੈਨਲ ਵਕੀਲਾਂ, ਪੈਰਾ ਲੀਗਲ ਵਲੰਟੀਅਰਾਂ, ਸਥਾਨਕ ਪ੍ਰਸ਼ਾਸਨ, ਸਿਹਤ ਅਤੇ ਸਿੱਖਿਆ ਵਿਭਾਗਾਂ ਦੇ ਸਹਿਯੋਗ ਨਾਲ ਰੈਲੀਆਂ, ਵਰਕਸ਼ਾਪਾਂ ਅਤੇ ਸੈਮੀਨਾਰ ਆਯੋਜਿਤ ਕੀਤੇ ਗਏ। ਇਸ ਤੋਂ ਇਲਾਵਾ ਵਿਦਿਆਰਥੀਆਂ ਵਿਚ ਨਸ਼ਿਆਂ ਦੇ ਦੁਰ-ਉਪਯੋਗ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿਚ ਭਾਸ਼ਣ, ਬਹਿਸ ਮੁਬਹਿਸ, ਪੋਸਟਰ ਮੇਕਿੰਗ, ਚਾਰਟ ਮੇਕਿੰਗ ਅਤੇ ਨੁੱਕੜ ਨਾਟਕ ਵਰਗੀਆਂ ਪ੍ਰਤੀਯੋਗਤਾਵਾਂ ਵੀ ਕਰਵਾਈਆਂ ਗਈਆਂ।