ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ : ਵਿਧਾਇਕ ਕੁਲਵੰਤ ਸਿੰਘ ਨੇ ਕੀਤੀ ਛੇਵੀਂ ਬੱਸ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ : ਵਿਧਾਇਕ ਕੁਲਵੰਤ ਸਿੰਘ ਨੇ ਕੀਤੀ ਛੇਵੀਂ ਬੱਸ ਰਵਾਨਾ
Publish Date: Mon, 23 Feb 2026 05:41 PM (IST)
Updated Date: Mon, 23 Feb 2026 05:46 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਵਿਧਾਨ ਸਭਾ ਹਲਕਾ ਮੁਹਾਲੀ ਤੋਂ ਸੋਮਵਾਰ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਤਹਿਤ ਛੇਵੀਂ ਬੱਸ ਵਿਧਾਇਕ ਕੁਲਵੰਤ ਸਿੰਘ ਵੱਲੋਂ ਸੈਕਟਰ- 66 ਵਿਖੇ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈ। ਇਸ ਮੌਕੇ ਹਲਕਾ ਕੋਆਰਡੀਨੇਟਰ ਅਤੇ ਸਟੇਟ ਐਵਾਰਡੀ ਫੂਲਰਾਜ ਸਿੰਘ, ਮਨਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਗੋਪਾਲ ਸ਼ਰਮਾ ਪ੍ਰਧਾਨ ਮੰਦਰ ਕਮੇਟੀ, ਅਰੁਣ ਗੋਇਲ ਬਲਾਕ ਪ੍ਰਧਾਨ, ਸਾਬਕਾ ਕੌਂਸਲਰ ਰਜਨੀ ਗੋਇਲ, ਕ੍ਰਿਸ਼ਨ ਲਾਲ ਕਪੂਰ, ਪਿਤੰਬਰ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਬੱਸ ਯੋਜਨਾ ਤਹਿਤ 117 ਵਿਧਾਨ ਸਭਾ ਹਲਕਿਆਂ ਵਿਚੋਂ ਹਰ ਤੀਸਰੇ ਦਿਨ ਇਕ ਬੱਸ ਸ਼ਰਧਾਲੂਆਂ ਦੀ ਤੀਰਥ ਯਾਤਰਾ ਲਈ ਰਵਾਨਾ ਹੋ ਰਹੀ ਹੈ। ਸ਼ਰਧਾਲੂਆਂ ਦੇ ਆਉਣ-ਜਾਣ, ਰਹਿਣ ਅਤੇ ਖਾਣ-ਪੀਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਸ਼ਰਧਾਲੂਆਂ ਦੇ ਨਾਲ ਇਕ ਗਾਈਡ ਅਤੇ ਇਕ ਮੈਡੀਕਲ ਅਫ਼ਸਰ ਵੀ ਹਰ ਵੇਲੇ ਮੌਜੂਦ ਰਹਿੰਦਾ ਹੈ, ਇਸ ਗੱਲ ਲਈ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸੂਬੇ ਦੇ ਲੋਕਾਂ ਲਈ ਇਸ ਯੋਜਨਾ ਦਾ ਆਗ਼ਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ਗਈ ਹੈ, ਇਸ ਲਈ ਤੀਰਥ ਯਾਤਰਾ ’ਤੇ ਜਾ ਰਹੇ ਸਾਰੇ ਸ਼ਰਧਾਲੂ ਵਧਾਈ ਦੇ ਪਾਤਰ ਹਨ ਅਤੇ ਉਹ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਹਨ ਕਿ ਜੋ-ਜੋ ਵੀ ਮਨੋਕਾਮਨਾਵਾਂ ਲੈ ਕੇ ਸ਼ਰਧਾਲੂਗਣ ਤੀਰਥ ਯਾਤਰਾ ’ਤੇ ਜਾ ਰਹੇ ਹਨ, ਪਰਮਾਤਮਾ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਪਾਵੇ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਤੌਰ ’ਤੇ ਲੋਕਾਂ ਨੂੰ ਯਾਤਰਾ ਲਈ ਪੈਸੇ ਦਾ ਪ੍ਰਬੰਧ ਤਾਂ ਕਰ ਹੀ ਲਿਆ ਜਾਂਦਾ ਹੈ ਪਰ ਇਸ ਵਧੀਆ ਮਾਹੌਲ ਵਿਚ, ਸੰਗਤੀ ਰੂਪ ਵਿਚ ਇਕੱਠੇ ਯਾਤਰਾ ’ਤੇ ਜਾਣਾ, ਦੋ-ਤਿੰਨ ਦਿਨ ਇਕੱਠੇ ਰਹਿ ਕੇ ਇਹੋ ਲੋਕੀਂ ਜਿਹੜੇ ਇਕ ਦੂਸਰੇ ਨੂੰ ਕਈ ਵਾਰੀ ਜਾਣਦੇ ਵੀ ਨਹੀਂ ਹੁੰਦੇ, ਪਰਿਵਾਰ ਬਣ ਕੇ ਵਾਪਸ ਪਰਤਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਪਹਿਲਾਂ ਦੇ ਮੁਕਾਬਲੇਤਨ ਹੋਰ ਮਜ਼ਬੂਤ ਹੁੰਦੀ ਹੈ ਅਤੇ ਬਿਨਾਂ ਸ਼ੱਕ ਇਹ ਤੀਰਥ ਬੱਸ ਯਾਤਰਾ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੋ ਨਿੱਬੜੀ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਭਰ ਵਿਚ ਲੋਕਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 10 ਲੱਖ ਦੀ ਸਿਹਤ ਯੋਜਨਾ ਤਹਿਤ ਕਾਰਡ ਬਣਾਉਣ ਲਈ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਅਤੇ ਜਗ੍ਹਾ-ਜਗ੍ਹਾ ’ਤੇ ਕੈਂਪ ਲਗਾਏ ਗਏ ਹਨ ਤਾਂ ਕਿ ਇਸ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹ ਕੇ ਲੋਕੀ ਇਸ ਯੋਜਨਾ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਵਰਕਰਾਂ, ਸਮਰਥਕਾਂ ਵੱਲੋਂ ਵੀ ਸ਼ਹਿਰਾਂ ਦੇ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਵਿਚ ਵਿਸਥਾਰਤ ਰਿਪੋਰਟ ਤਿਆਰ ਕਰ ਕੇ ਸਬੰਧਿਤ ਵਿਭਾਗ ਨੂੰ ਸੌਂਪੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਹਰਿਆ ਰੰਗਲਾ ਪੰਜਾਬ ਬਣਾਉਣ ਲਈ ਵੱਖ-ਵੱਖ ਸ਼ਹਿਰਾਂ ਵਿਚ ਪ੍ਰਸ਼ਾਸਨ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ।